ਪੱਤਰ ਪ੍ਰੇਰਕ
ਬਠਿੰਡਾ, 18 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਕਿਸਾਨਾਂ ਵੱਲੋਂ ਘੱਟ ਰੇਟ ’ਤੇ ਵਿਕੀ ਮੂੰਗੀ ਦੀ ਫਸਲ ਅਤੇ ਝੋਨੇ ਦੀ ਸਿੱਧੀ ਬਿਜਾਈ ਦਾ ਮੁਆਵਜ਼ਾ ਲੈਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਮੂੰਗੀ ਦੀ ਫਸਲ ਨੂੰ ਸਾੜ ਕੇ ਰੋਸ ਵਿਖਾਵਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਭਾਕਿਯੂ ਲੱਖੋਵਾਲ ਟਿਕੈਤ ਦੇ ਸੂਬਾ ਮੁੱਖ ਸਕੱਤਰ ਜਰਨਲ ਰਾਮਕਰਨ ਸਿੰਘ ਰਾਮਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਮੂੰਗੀ ਦੀ ਫਸਲ ਸਮੱਰਥਨ ਮੁੱਲ ’ਤੇ ਖਰੀਦੀ ਜਾਵੇਗੀ ਜੋ ਘੱਟ ਰੇਟ ਤੇ ਵਿਕੇਗੀ ਉਸ ਨੂੰ ਸਰਕਾਰ 1 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇਵੇਗੀ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਨੂੰ 1500 ਸੌ ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਪਰ ਹੁਣ ਸਰਕਾਰ ਕੀਤੇ ਵਾਅਦਿਆਂ ਤੋਂ ਪਿੱਛੇ ਹੱਟ ਰਹੀ ਹੈ ਜਿਸ ਕਾਰਨ ਕਿਸਾਨਾਂ ’ਚ ਸਰਕਾਰ ਪ੍ਰਤੀ ਰੋਸ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਅਤੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾ ਸਬੰਧੀ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਪਰਾਲੀ ਦੀ ਸਾਂਭ-ਸੰਭਾਲ ਲਈ 5000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ। ਘੱਟ ਭਾਅ ’ਤੇ ਵਿਕੀ ਮੂੰਗੀ ਦੀ ਫਸਲ ਦਾ ਅਤੇ ਝੋਨੇ ਦੀ ਸਿੱਧੀ ਬਿਜਾਈ ਵਾਲੇ ਕਿਸਾਨਾਂ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਝੋਨੇ ਵਿੱਚ ਨਮੀਂ ਦੀ ਮਾਤਰਾ 17 ਫੀਸਦੀ ਤੋਂ ਵਧਾ ਕੇ 25 ਕੀਤੀ ਜਾਵੇ। ਇਸ ਵਾਰ ਝੋਨੇ ਦਾ ਦਾਣਾ ਬਦਰੰਗ ਹੋ ਗਿਆ ਹੈ। ਇਸ ’ਚ ਛੋਟ ਦਿੱਤੀ ਜਾਵੇ ਅਤੇ ਏਕੜ ਮਗਰ ਪ੍ਰਤੀ ਕੁਇੰਟਲ ਲਗਾਈ ਸ਼ਰਤ ਹਟਾਈ ਜਾਵੇ। ਨਕਲੀ ਬੀਜ ਤੇ ਕੀੜੇਮਾਰ ਦਵਾਈਆਂ ਅਤੇ ਨਕਲੀ ਦੁੱਧ ਵੇਚਣ ਵਾਲਿਆਂ ’ਤੇ 302 ਦੇ ਪਰਚੇ ਦਰਜ ਕੀਤੇ ਜਾਣ ਅਤੇ ਦਵਾਈਆਂ ਦੀ ਪੈਕਿੰਗ ਤੇ ਸਹੀ ਕੀਮਤ ਲਿਖੀ ਜਾਵੇ। ਇਸ ਮੌਕੇ ਕਿਸਾਨ ਆਗੂ ਗੁਰਮੀਤ ਸਿੰਘ ਗੁਰੂਸਰ, ਸੁਖਦੇਵ ਸਿੰਘ ਗੰਗਾ ਨਥਾਣਾ, ਮਲਕੀਤ ਸਿੰਘ ਸੰਦੋਹਾ, ਕਰਮਜੀਤ ਸਿੰਘ ਜੱਜਲ, ਬਲਵਿੰਦਰ ਸਿੰਘ ਸੰਦੋਹਾ , ਕੱਤਰ ਸਿੰਘ ਬਰਕੰਦੀ ਵੀ ਮੌਜੂਦ ਸਨ।