ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 9 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ‘ਚ ਪਿੰਡ ਕੋਠਾ ਗੁਰੂ ਵਿਚ ਇਕ ਕਿਸਾਨ ਦੀ ਜ਼ਮੀਨ ਦਾ ਕਬਜ਼ਾ ਵਾਰੰਟ ਲੈਣ ਖਿਲਾਫ਼ ਇਕੱਠੇ ਹੋਏ ਕਿਸਾਨਾਂ ਦੇ ਵਿਰੋਧ ਕਾਰਨ ਕੋਈ ਵੀ ਵਿਅਕਤੀ, ਪੁਲੀਸ ਤੇ ਪ੍ਰਸ਼ਾਸਨਿਕ ਅਧਿਕਾਰੀ ਨਾ ਬਹੁੜਿਆ। ਰੈਲੀ ਉਪਰੰਤ ਸ਼ਾਮ ਨੂੰ ਕਿਸਾਨਾਂ ਵੱਲੋਂ ਪਿੰਡ ਵਿੱਚ ਜੇਤੂ ਮਾਰਚ ਕੱਢਿਆ ਗਿਆ। ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਪਾਲ ਸਿੰਘ ਪਾਲਾ ਨੇ ਦੱਸਿਆ ਕਿ ਕਿਸਾਨ ਮੱਘਰ ਸਿੰਘ ਦਾ ਕਰੀਬ ਵੀਹ ਸਾਲ ਪਹਿਲਾਂ ਪਿੰਡ ਦੇ ਇਕ ਆੜ੍ਹਤੀਏ ਨਾਲ ਲੈਣ ਦੇਣ ਚੱਲਦਾ ਸੀ ਜੋ ਮਾਮੂਲੀ ਰਕਮ ਦੇ ਭਰੇ ਪ੍ਰਨੋਟ ਦੇ ਅਧਾਰ ’ਤੇ ਅਦਾਲਤੀ ਕਾਰਵਾਈ ਰਾਹੀਂ ਕਈ ਵਾਰ ਕੁਰਕੀ ਲੈ ਕੇ ਆਉਂਦਾ ਰਿਹਾ ਜੋ ਜਥੇਬੰਦੀ ਦੇ ਵਿਰੋਧ ਕਾਰਨ ਟਲਦੀ ਰਹੀ ਪਰ ਉਸ ਨੇ ਆਪਣੇ ਸਿਆਸੀ ਰਸੂਖ ਕਾਰਨ ਨਿਯਮਾਂ ਨੂੰ ਛਿੱਕੇ ਟੰਗ ਕੇ ਆਪਣੇ ਘਰ ‘ਚ ਹੀ ਮਾਲ ਮਹਿਕਮੇ ਦੀ ਕਥਿਤ ਮਿਲੀਭੁਗਤ ਨਾਲ ਕੁਰਕੀ ਦੀ ਬੋਲੀ ਆਪਣੇ ਨਾਂ ਕਰ ਲਈ ਇਸ ਤੋਂ ਬਾਅਦ ਉਕਤ ਆੜ੍ਹਤੀਏ ਨੇ ਆਪਣੇ ਹੀ ਜਾਣਕਾਰ ਇਕ ਵਿਅਕਤੀ ਦੇ ਨਾਂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਅੱਜ ਇਸ ਜ਼ਮੀਨ ਦਾ ਕਬਜ਼ਾ ਵਰੰਟ ਲੈ ਕੇ ਆਇਆ ਸੀ ਪਰ ਕਿਸਾਨਾਂ ਨੇ ਉਸ ਦਾ ਵਿਰੋਧ ਕੀਤਾ।