ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 14 ਜੂਨ
ਬਰਨਾਲਾ ਰੇਲਵੇ ਸਟੇਸ਼ਨ ‘ਤੇ ਖੇਤੀ ਕਾਨੂੰਨਾਂ ਖਿਲਾਫ਼ ਲੱਗੇ ਧਰਨੇ ਦੇ 257ਵੇਂ ਦਿਨ ਗੁਰੂ ਅਰਜਨ ਦੇਵ ਦੀ ਸਰਤਾਜ ਸ਼ਹਾਦਤ ਨੂੰ ਸਿਜਦਾ ਕਰਦਿਆਂ ਸੰਘਰਸ਼ ਦੀ ਚੜ੍ਹਤ ਲਈ ਅੰਦੋਲਨਕਾਰੀ ਕਿਸਾਨਾਂ ਨੇ ਪ੍ਰੇਰਨਾ ਹਾਸਲ ਕੀਤੀ| ਬੁੁਲਾਰਿਆਂ ਨੇ ਗੁੁਰੂ ਅਰਜਨ ਦੇਵ ਦੇ ਜੀਵਨ, ਫਲਸਫੇ, ਸਿੱਖਿਆਵਾਂ ਅਤੇ ਸ਼ਹਾਦਤ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਦੀ ਕੁੁਰਬਾਨੀ ਤੋਂ ਪ੍ਰੇਰਨਾ ਲੈਣ ਦੀ ਗੱਲ ਕੀਤੀ| ਬੁਲਾਰਿਆਂ ਵਿੱਚ ਸ਼ਾਮਿਲ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਛੱਤਰ ਸਿੰਘ ਸਾਹੌਰ, ਅਮਰਜੀਤ ਕੌਰ, ਮੇਲਾ ਸਿੰਘ ਕੱਟੂ, ਬਾਬੂ ਸਿੰਘ ਖੁੱਡੀ ਕਲਾਂ, ਗੁੁਰਦੇਵ ਮਾਂਗੇਵਾਲ, ਗੁੁਰਦਰਸ਼ਨ ਸਿੰਘ ਦਿਉਲ, ਕਾਕਾ ਸਿੰਘ ਫਰਵਾਹੀ, ਗੁੁਰਨਾਮ ਸਿੰਘ ਠੀਕਰੀਵਾਲਾ ਤੇ ਗੋਰਾ ਸਿੰਘ ਢਿੱਲਵਾਂ ਨੇ ਕਿਹਾ ਕਿ ਗੁੁਰੂਆਂ ਦੀਆਂ ਕੁੁਰਬਾਨੀਆਂ ਸਾਡੇ ਲਈ ਰਾਹ ਦਸੇਰਾ ਹਨ ਅਤੇ ਸਾਨੂੰ ਹਰ ਹਾਲਤ ਵਿੱਚ ਅਡੋਲ ਚਿੱਤ ਡਟੇ ਰਹਿਣ ਦਾ ਹੌਸਲਾ ਦਿੰਦੀਆਂ ਹਨ ਤੇ ਇਸੇ ਸੇਧ ਸਦਕਾ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸੀ ਕੀਤੀ ਜਾਵੇਗੀ| ਇਸ ਮੌਕੇ ਟਿੱਕਰੀ ਬਾਰਡਰ ‘ਤੇ ਡਟੇ ਰਹੇ ਉੱਪਲੀ ਦੇ ਸ਼ਹੀਦ ਕਿਸਾਨ ਗੁਰਚਰਨ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ|
ਮਾਨਸਾ (ਜੋਗਿੰਦਰ ਸਿੰਘ ਮਾਨ): ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਾਲਵਾ ਖੇਤਰ ਵਿੱਚ ਥਾਂ-ਥਾਂ ’ਤੇ ਚੱਲ ਰਹੇ ਧਰਨਿਆਂ ਵਿੱਚ ਗੁਰੂ ਅਰਜਨ ਦੇਵ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ।
ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਮੁਗਲ ਹਕੂਮਤ ਵਿਰੁੱਧ ਗੁਰੂ ਜੀ ਵੱਲੋਂ ਆਵਾਜ਼ ਉਠਾਉਣ ਬਦਲੇ, ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬਿਠਾ ਕੇ ਬੇਅੰਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਸੇ ਤਰ੍ਹਾਂ ਅੱਜ ਵੀ ਜਾਬਰ ਮੋਦੀ ਸਰਕਾਰ ਵਿਰੁੱਧ ਲਗਾਤਾਰ ਅੱਗੇ ਵੱਧ ਰਿਹਾ ਕਿਸਾਨੀ ਸੰਘਰਸ਼ ਇਸੇ ਕਿਸਮ ਦੀ ਦਿ੍ੜਤਾ ਅਤੇ ਕੁਰਬਾਨੀਆਂ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਸਸਤੀਆਂ ਖਰੀਦ ਕੇ ਅਤੇ ਜਬਰੀ ਜ਼ਮੀਨਾਂ ਐਕੁਆਇਰ ਕਰ ਕੇ ਕਾਰਪੋਰੇਟ ਖੇਤੀ ਫਾਰਮ ਬਣਾਉਣ ਲਈ ਘੜੇ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਜਝਾਰੂ ਕਿਸਾਨ ਕਦੇ ਪੁੱਠੇ ਨਹੀਂ ਮੁੜਨਗੇ।
ਇਸ ਮੌਕੇ ਇਕਬਾਲ ਸਿੰਘ ਮਾਨਸਾ, ਤੇਜ਼ ਸਿੰਘ ਚੁਕੇਰੀਆ, ਸੁਖਚਰਨ ਸਿੰਘ ਦਾਨੇਵਾਲੀ, ਸੋਮ ਦੱਤ ਸ਼ਰਮਾ, ਰਤਨ ਭੋਲਾ ਤੇ ਜਗਰੂਪ ਸਿੰਘ ਮਾਨਸਾ ਨੇ ਵੀ ਸੰਬੋਧਨ ਕੀਤਾ।