ਮਨੋਜ ਸ਼ਰਮਾ
ਬਠਿੰਡਾ, 8 ਅਕਤੂਬਰ
ਜ਼ਿਲ੍ਹਾ ਬਠਿੰਡਾ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰ ਫੜ ਗਈ ਹੈ ਪਰ ਹਾਲੇ ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਨੂੰ ਛੱਡ ਕੇ ਪੇਂਡੂ ਖੇਤਰ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ ਦੇ ਇੰਸਪੈਕਟਰ ਖ਼ਰੀਦ ਲਈ ਨਹੀਂ ਪੁੱਜੇ। ਉਧਰੋਂ, ਮੌਸਮ ਵਿਭਾਗ ਵੱਲੋਂ 9 ਤੋਂ 12 ਅਕਤੂਬਰ ਤਕ ਮੌਸਮ ਖ਼ਰਾਬ ਰਹਿਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ ਜਿਸ ਕਾਰਨ ਕਿਸਾਨ ਚਿੰਤਾ ਵਿੱਚ ਹਨ। ਜ਼ਿਲ੍ਹੇ ਦੀਆਂ ਮੁੱਖ ਮੰਡੀਆਂ ਸਣੇ ਇੱਕਾ-ਦੁੱਕਾ ਖ਼ਰੀਦ ਕੇਂਦਰਾਂ ਨੂੰ ਛੱਡ ਕੇ ਬੋਲੀ ਨਹੀਂ ਲੱਗੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੱਲੂਆਣਾ, ਦਾਨ ਸਿੰਘ, ਜੰਡਾਵਾਲਾ, ਗੰਗਾ, ਕੋਠੇ ਨੱਥਾ ਸਿੰਘ ਵਾਲੇ, ਅਬਲੂ ਖੇਮੂਆਣਾ, ਵਿਰਕ ਕਲਾਂ, ਬੁਲਾਡੇਵਾਲਾ ਬਹਿਮਣ ਦੀਵਾਨਾ ਤੇ ਸਿਵਿਆਂ ਆਦਿ ਸਣੇ ਦਰਜਨ ਤੋਂ ਵੱਧ ਮੰਡੀਆਂ ਖ਼ਰੀਦ ਏਜੰਸੀਆਂ ਨੇ ਹਾਲੇ ਸ਼ਿਰਕਤ ਨਹੀਂ ਕੀਤੀ। ਪਿੰਡ ਗੰਗਾ ਅਬਲੂ ਕੀ ਦਾਣਾ ਮੰਡੀ ਵਿੱਚ ਬੈਠੇ ਕਿਸਾਨ ਸੁਰਜੀਤ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਬੋਲੀ ਦੀ ਉਡੀਕ ਕਰ ਰਹੇ ਹਨ। ਇਸ ਤਰ੍ਹਾਂ ਹੀ ਪਿੰਡ ਦਾਨ ਸਿੰਘ ਵਾਲਾ ਦੀ ਦਾਣਾ ਮੰਡੀ ਵਿਚ ਬੈਠੇ ਕਰਨੈਲ ਸਿੰਘ ਤੇ ਬਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਬੋਲੀ ਨਹੀਂ ਲੱਗੀ ਬਾਰਦਾਨਾ ਪੁੱਜਣਾ ਤਾਂ ਦੂਰ ਦੀ ਗੱਲ ਜਾਪਦੀ ਹੈ। ਜ਼ਿਲ੍ਹੇ ਵਿਚ ਪਨਸਪ, ਵੇਅਰਹਾਊਸ, ਮਾਰਕਫੈੱਡ ਤੇ ਐਫਸੀਆਈ ਵੱਲੋਂ ਖ਼ਰੀਦ ਕੀਤੀ ਜਾਣੀ ਹੈ। ਭਾਵੇਂ ਮੰਡੀਕਰਨ ਬੋਰਡ ਅਤੇ ਫੂਡ ਸਪਲਾਈ ਵਿਭਾਗ ਵੱਲੋਂ ਬਾਰਦਾਨੇ ਸਣੇ ਢੋਆ-ਢੁਆਈ ਦੇ ਪ੍ਰਬੰਧਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਮੰਡੀਆਂ ਵਿੱਚ ਹਾਲਤ ਕੁਝ ਹੋਰ ਹੀ ਹੈ।
ਜ਼ਿਲ੍ਹਾ ਮੰਡੀ ਅਫ਼ਸਰ ਰਜਨੀਸ਼ ਗੋਇਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 10 ਮੰਡੀਆਂ ਵਿੱਚ ਅੱਜ 616 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਜਦੋਂਕਿ ਖ਼ਰੀਦ 409 ਮੀਟ੍ਰਿਕ ਟਨ ਦੀ ਕੀਤੀ ਗਈ ਤੇ ਚੁਕਾਈ 62 ਮੀਟ੍ਰਿਕ ਟਨ ਦੀ ਹੀ ਹੋਈ।
ਉਨ੍ਹਾਂ ਦੱਸਿਆ ਕਿ ਅੱਜ ਤੱਕ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ 1401 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿਚੋਂ 719 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਕੀਤੀ ਜਾ ਚੁੱਕੀ ਹੈ।
ਸੂਤਰਾਂ ਅਨੁਸਾਰ ਪਹਿਲਾਂ ਤਾਂ ਆਨਲਾਈਨ ਈ-ਪਾਸ ਪ੍ਰਕਿਰਿਆ ਦੀ ਸਮੱਸਿਆ ਬਣੀ ਹੋਈ ਸੀ ਪਰ ਆੜ੍ਹਤੀਆਂ ਅਤੇ ਮਾਰਕੀਟ ਕਮੇਟੀਆਂ ਵੱਲੋਂ ਹੱਥ ਖੜ੍ਹੇ ਕਰਨ ਤੋਂ ਬਾਅਦ ਹੁਣ ਸਰਕਾਰ ਵੱਲੋਂ ਬਦਲਾਅ ਕੀਤਾ ਗਿਆ ਹੈ।
ਬਠਿੰਡਾ ਦੀ ਮੁੱਖ ਅਨਾਜ ਮੰਡੀ ’ਚ ਡੀਸੀ ਨੇ ਸ਼ੁਰੂ ਕਰਵਾਈ ਖ਼ਰੀਦ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਸਥਾਨਕ ਮੁੱਖ ਅਨਾਜ ਮੰਡੀ ਦੌਰਾ ਕਰਦਿਆਂ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਗਈ। ਇਸ ਮੌਕੇ ਖਰ਼ੀਦ ਦੌਰਾਨ ਪਹਿਲੀ ਢੇਰੀ ਮਾਰਕਫੈੱਡ ਵੱਲੋਂ ਖ਼ਰੀਦੀ ਗਈ। ਡਿਪਟੀ ਕਮਿਸ਼ਨਰ ਨੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਏਜੰਸੀਆਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਅਲਾਟ ਕੀਤੇ ਖ਼ਰੀਦ ਕੇਂਦਰਾਂ ਵਿੱਚ ਹਾਜ਼ਰ ਰਹਿਣ ਅਤੇ ਸਰਕਾਰੀ ਖ਼ਰੀਦ ਦੇ ਮਾਪਦੰਡਾਂ ’ਤੇ ਪੂਰੇ ਉਤਰਦੇ ਝੋਨੇ ਦੀ ਖ਼ਰੀਦ ਯਕੀਨੀ ਬਣਾਉਣ। ਉਨ੍ਹਾਂ ਅਦਾਇਗੀ 48 ਘੰਟਿਆਂ ਦੇ ਅੰਦਰ-ਅੰਦਰ ਕਰਨੀ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਕਿਸਾਨਾਂ ਨੂੰ ਸੁੱਕਾ ਝੋਨਾ ਲਿਆਉਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਹਾ।
ਸਾਰੇ ਖ਼ਰੀਦ ਪ੍ਰਬੰਧ ਮੁਕੰਮਲ: ਚੀਮਾ
ਜ਼ਿਲ੍ਹਾ ਖ਼ੁਰਾਕ ਅਤੇ ਸਪਲਾਈ ਕੰਟਰੋਲਰ ਸਰਤਾਜ ਸਿੰਘ ਚੀਮਾ ਨੇ ਕਿਹਾ ਕਿ ਢੋਆ-ਢੁਆਈ ਅਤੇ ਚੁਕਾਈ ਦੇ ਪ੍ਰਬੰਧ ਮੁਕੰਮਲ ਹੋ ਗਏ ਹਨ। ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਆਵੇਗੀ। ਪਾਸ ਬਾਰੇ ਉਨ੍ਹਾਂ ਕਿਹਾ ਕਿ 10 ਹਜ਼ਾਰ ਮੀਟਰਿਕ ਟਨ ਵਾਲੀਆਂ ਮੰਡੀਆਂ ਵਿੱਚ ਖ਼ਰੀਦ ਏਜੰਸੀ ਦੇ ਇੰਸਪੈਕਟਰ ਵੱਲੋਂ ਈ-ਪਾਸ ਕੱਟਿਆ ਜਾਵੇਗਾ। ਇਸ ਤੋਂ ਵੱਡੇ ਜਿਣਸ ਕੇਂਦਰਾਂ ਵਿੱਚ ਪੁਰਾਣੀ ਵਿਧੀ ਰਾਹੀਂ ਹੀ ਗੇਟ ਪਾਸ ਕੱਟੇ ਜਾਣਗੇ।