ਨਿੱਜੀ ਪੱਤਰ ਪ੍ਰੇਰਕ
ਮੋਗਾ, 30 ਦਸੰਬਰ
ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਗੁਲਾਬੀ ਸੁੰਡੀ ਨਾਲ ਨੁਕਸਾਨੀ ਫ਼ਸਲ ਦੇ ਮੁਆਵਜ਼ੇ ਲਈ ਲਗਾਈ ਗਈ ਸ਼ਰਤ ਤੋਂ ਕਿਸਾਨ ਖ਼ਫ਼ਾ ਹਨ। ਕਿਸਾਨਾਂ ਵੱਲੋਂ ਇੱਥੇ ਸਕਰਾਰੀ ਰਵੱਈਏ ਦੇ ਵਿਰੋਧ ਵਜੋਂ ਡੀਸੀ ਤੇ ਹੋਰ ਅਧਿਕਾਰੀਆਂ ਦਾ ਘਿਰਾਓ ਕੀਤਾ ਗਿਆ ਜੋ ਕਿ 3 ਜਨਵਰੀ ਨੂੰ ਸਰਕਾਰ ਨਾਲ ਮੁੜ ਤੋਂ ਗੱਲਬਾਤ ਦਾ ਸਮਾਂ ਦਿੱਤੇ ਜਾਣ ਤੋਂ ਬਾਅਦ ਦੇਰ ਸ਼ਾਮ ਖ਼ਤਮ ਹੋਇਆ। ਇਸੇ ਦੌਰਾਨ ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਬੀਕੇਯੂ ਏਕਤਾ (ਉਗਰਾਹਾਂ) ਦਾ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ।
ਮਾਨਸਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਮਾਲਵਾ ਖੇਤਰ ਵਿੱਚ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਹੁਣ ਨਵਾਂ ਸਾਲ ਧਰਨਿਆਂ ਦੇ ਰੂਪ ਵਿੱਚ ਪੰਜਾਬ ਸਰਕਾਰ ਖਿਲਾਫ਼ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਜਥੇਬੰਦੀ ਵੱਲੋਂ ਅੱਜ ਸਰਕਾਰ ਖਿਲਾਫ਼ ਹੋਰ ਤਿੱਖਾ ਸੰਘਰਸ਼ ਕਰਨ ਲਈ ਪਹਿਲੀ ਜਨਵਰੀ ਨੂੰ ਨਵਾਂ ਸਾਲ ਚੰਨੀ ਸਰਕਾਰ ਖਿਲਾਫ਼ ਮੁਰਦਾਬਾਦ ਕਰਦਿਆਂ ਮਨਾਉਣ ਦਾ ਐਲਾਨ ਕੀਤਾ ਗਿਆ।
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਕਿਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਡੀ.ਸੀ. ਕੰਪਲੈਕਸ ਬਰਨਾਲਾ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਕੜਾਕੇ ਦੀ ਠੰਢ ਦੇ ਬਾਵਜੂਦ 11ਵੇਂ ਦਿਨ ਵੀ ਜਾਰੀ ਰਿਹਾ। ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿੱਚ ਧਰਨੇ ਜਿਉਂ ਦੀ ਤਿਉਂ ਜਾਰੀ ਰੱਖਣ ਦਾ ਆਗੂਆਂ ਨੇ ਅਹਿਦ ਲਿਆ।
ਕਿਸਾਨ ਮੰਗਾਂ ਲਈ ਦਿਨ-ਰਾਤ ਦਾ ਮੋਰਚਾ ਜਾਰੀ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਇੱਥੇ ਮਿੰਨੀ ਸਕੱਤਰੇਤ ਅੱਗੇ ਚੱਲ ਰਿਹਾ ਦਿਨ-ਰਾਤ ਦਾ ਪੱਕਾ ਕਿਸਾਨ ਮੋਰਚਾ ਅੱਜ 11ਵੇਂ ਦਿਨ ਵੀ ਜਾਰੀ ਰਿਹਾ। ਇੱਥੇ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਅਤੇ ਔਰਤ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਿਰਫ ਐਲਾਨ ਹੀ ਕੀਤੇ ਜਾਂਦੇ ਹਨ ਜਦ ਕਿ ਅਸਲ ’ਚ ਕੀਤਾ ਕੋਈ ਵੀ ਐਲਾਨ ਜਾਂ ਵਾਅਦਾ ਲਾਗੂ ਨਹੀਂ ਹੋਇਆ। ਬੁਲਾਰਿਆਂ ਨੇ ਮੰਨੀਆਂ ਮੰਗਾਂ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਵੀ ਦਿੱਤੀ।