ਸ਼ਗਨ ਕਟਾਰੀਆ
ਬਠਿੰਡਾ, 26 ਮਈ
ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਕਾਲਾ ਦਿਵਸ’ ਦੇ ਸੱਦੇ ’ਤੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਕਿਸਾਨ ਸੰਘਰਸ਼ ਸੰਘਰਸ਼ ਸਮਰਥਨ ਕਮੇਟੀ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਫ਼ਲੇ ਵੱਲੋਂ ਡੀਸੀ ਦੀ ਰਿਹਾਇਸ਼ਗਾਹ ਤੋਂ ਮਾਰਚ ਰਾਹੀਂ ਹਨੂੰਮਾਨ ਚੌਕ ਪਹੁੰਚ ਕੇ ਮੋਦੀ ਸਰਕਾਰ ਅਤੇ ਕਾਰਪੋਰੇਟਾਂ ਦੇ ਪੁਤਲੇ ਫੂਕੇ ਗਏ। ਇਸ ਪ੍ਰਦਰਸ਼ਨ ਵਿਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਜਗਰੂਪ ਸਿੰਘ, ਗੁਰਵਿੰਦਰ ਸਿੰਘ ਪੰਨੂੰ, ਡੀਟੀਐੱਫ ਤੋਂ ਹਰਜੀਤ ਜੀਦਾ, ਬਲਜਿੰਦਰ ਸਿੰਘ, ਨੌਜਵਾਨ ਸਭਾ ਤੋਂ ਸਰਬਜੀਤ ਮੌੜ, ਜਮਹੂਰੀ ਅਧਿਕਾਰ ਸਭਾ ਤੋਂ ਪ੍ਰਿਤਪਾਲ ਸਿੰਘ, ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜੀਦਾ ਤੋਂ ਕੇਵਲ ਸਿੰਘ ਜੀਦਾ, ਚੜ੍ਹਦਾ ਪੰਜਾਬ ਸੰਸਥਾ ਤੋਂ ਪੰਮਾ ਆਸਿਫ਼ ਆਦਿ ਸ਼ਾਮਲ ਹੋਏ। ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ‘ਕਾਲਾ ਦਿਵਸ’ ਮਨਾਉਂਦਿਆਂ ਕਾਲੇ ਝੰਡਿਆਂ ਨਾਲ ਰੋਸ ਪ੍ਰਗਟਾਇਆ।
ਬਠਿੰਡਾ (ਮਨੋਜ ਸ਼ਰਮਾ): ਮਾਲਵਾ ਖੇਤਰ ਦੇ ਪਿੰਡਾਂ ਵਿੱਚ ਅੱਜ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਜਨੂੰਨ ਦਾ ਰੂਪ ਧਾਰਨ ਕਰ ਗਏ। ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ, ਬਲਾਹੜ ਮਹਿਮਾ, ਮਹਿਮਾ ਸਰਜਾ, ਗੋਨਿਆਣਾ ਕਲਾਂ, ਜੰਡਾਂ ਵਾਲਾਂ, ਗਿੱਲ ਪੱਤੀ, ਆਕਲੀਆ ਕਲਾਂ, ਮਹਿਮਾ ਭਗਵਾਨਾ, ਬਲਾਢੇਵਾਲਾ, ਬਹਿਮਣ ਦੀਵਾਨਾ, ਕੋਟ ਸਮੀਰ, ਜੀਂਦਾ, ਭੋਖੜਾ, ਆਦਿ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ), ਬੀਕੇਯੂ ਸਿੱਧੂਪੁਰ, ਬੀਕੇਯੂ ਮਾਨਸਾ, ਟੈਕਨੀਕਲ ਯੂਨੀਅਨ, ਨੌਜਵਾਨ ਭਾਰਤ ਸਭਾ, ਡੈਮੋਕੇਰਿਟਕ ਟੀਚਰ ਫ਼ਰੰਟ, ਪੇਂਡੂ ਖੇਤ ਮਜ਼ਦੂਰ ਆਦਿ ਦੀ ਅਗਵਾਈ ਵਿਚ ਖੇਤੀ ਵਿਰੋਧੀ ਕਾਲੇ ਕਾਨੂੰਨ ਖ਼ਿਲਾਫ਼ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਕੇਂਦਰੀ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ਅਤੇ ਕਾਲੇ ਝੰਡੇ ਲਹਿਰਾਏ ਗਏ ਤੇ ਨਾਅਰੇਬਾਜ਼ੀ ਕੀਤੀ ਗਈ। ਇਸੇ ਦੌਰਾਨ ਸਿਵਲ ਹਸਪਤਾਲ ਬਠਿੰਡਾ ਵਿੱਚ ਕਿਸਾਨ ਸਯੁੰਕਤ ਮੋਰਚੇ ਦੇ ਸੱਦੇ ’ਤੇ ਤਾਲਮੇਲ ਕਮੇਟੀ ਪੈਰਾਮੈਡੀਕਲ ਤੇ ਸਿਹਤ ਕਰਮਚਾਰੀ ਬਠਿੰਡਾ ਵੱਲੋਂ 26 ਮਈ ਨੂੰ ਰੋਸ ਪ੍ਰਦਰਸ਼ਨ ਦਿਵਸ ਵਜੋਂ ਮਨਾਇਆ ਗਿਆ।
ਬਰਨਾਲਾ (ਪਰਸ਼ੋਤਮ ਬੱਲੀ): ਜ਼ਿਲ੍ਹੇ ਅੰਦਰ ਕਈ ਥਾਈਂ ਬੀਕੇਯੂ ਉਗਰਾਹਾਂ ਸਮੇਤ ਕਈ ਮਜ਼ਦੂਰ, ਮੁਲਾਜ਼ਮ ਤੇ ਜਨਤਕ ਜਮਹੂਰੀ ਜਥੇਬੰਦੀਆਂ ਨੇ ਦਿੱਲੀ ਕਿਸਾਨ ਅੰਦੋਲਨ ਦੇ ਹੱਕ ਵਿੱਚ ਕਾਲਾ ਦਿਵਸ ਮਨਾਉਂਦਿਆਂ ਮੋਦੀ ਹਕੂਮਤ ਦਾ ਪਿੱਟ ਸਿਆਪਾ ਕੀਤਾ ਤੇ ਪੁਤਲੇ ਫੂਕੇ| ਬੀਕੇਯੂ ਉਗਰਾਹਾਂ ਨੇ ਭਾਜਪਾ ਦੇ ਸਥਾਨਕ ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਕਚਹਿਰੀ ਚੌਕ ਬਰਨਾਲਾ ਵਿੱਚ ਪੁੱਜ ਕੇ ਅਰਥੀ ਫੂਕੀ| ਇਸੇ ਦੌਰਾਨ ਰੇਲਵੇ ਸਟੇਸ਼ਨ ਮੋਰਚੇ ਸਮੇਤ ਵੱਖ-ਵੱਖ ਥਾਈਂ ਮੋਦੀ ਹਕੂਮਤ ਖ਼ਿਲਾਫ਼ ਕਾਲੀਆਂ ਚੁੰਨੀਆਂ, ਪੱਗਾਂ, ਝੰਡੇ-ਝੰਡੀਆਂ ਤੇ ਚੋਲੇ ਪਾ ਕੇ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ|
ਫਾਜ਼ਿਲਕਾ (ਪਰਮਜੀਤ ਸਿੰਘ): ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਅਤੇ ਬਲਾਕ ਸਮਿਤੀ ਮੈਂਬਰ ਕਾਮਰੇਡ ਸੁਬੇਗ ਝੰਗੜ ਭੈਣੀ, ਕਿਸਾਨ ਆਗੂ ਹੁਸ਼ਿਆਰ ਸਿੰਘ ਅਤੇ ਪੰਜਾਬ ਇਸਤਰੀ ਸਭਾ ਬਲਾਕ ਆਗੂ ਮਨਜੀਤ ਕੌਰ ਦੀ ਅਗਵਾਈ ਹੇਠ ਪਿੰਡ ਨਵਾਂ ਸਲੇਮਸ਼ਾਹ ਵਿੱਚ ਸੰਯੂਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਇਸ ਰੋਸ ਪ੍ਰਦਰਸ਼ਨ ਵਿਚ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਤੇ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਮੋਟਰਸਾਈਕਲ ਮਾਰਚ ਵੀ ਕੱਢਿਆ ਗਿਆ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਇੱਥੇ ਮੋਗਾ-ਫ਼ਿਰੋਜ਼ਪੁਰ ਜ਼ਿਲ੍ਹੇ ਦੀ ਹੱਦ ’ਤੇ ਪਿੰਡ ਖੁਖਰਾਣਾ ਵਿੱਚ ਕਿਸਾਨਾਂ ਨੇ ਅਨਾਜ ਮੰਡੀ ਵਿੱਚ ਮੋਦੀ ਦਾ ਪੁਤਲਾ ਫੂਕਣ ਤੋਂ ਬਾਅਦ ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ। ਕਿਸਾਨਾਂ ਤੇ ਬੀਬੀਆਂ ਨੇ ਮੋਦੀ ਦੀ ਅਰਥੀ ਫੂਕੀ ਤੇ ਵਾਹਨਾਂ, ਘਰਾਂ ਉੱਤੇ ਝੰਡੇ ਲਹਿਰਾਏ। ਵੱਖ ਵੱਖ ਥਾਵਾਂ ਉੱਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ ਤੇ ਕਾਲੇ ਝੰਡੇ ਲਹਿਰਾਏ ਗਏ। ਇਸੇ ਦੌਰਾਨ ਇੱਥੇ ਜਨਤਕ ਜਥੇਬੰਦੀਆਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਰੋਸ ਰੈਲੀ ਕਰਨ ਮਗਰੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇੱਥੇ ਕਿਸਾਨ ਸਹਾਇਤਾ ਸੰਘਰਸ਼ ਕਮੇਟੀ, ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ , ਡੀਟੀਐੱਫ, ਰਿਟਾਇਰਡ ਪੰਜਾਬ ਪੁਲੀਸ ਮੁਲਾਜ਼ਮ ਵੈੱਲਫੇਅਰ ਐਸੋਸੀਏਸ਼ਨ, ਰਿਟਾਇਰਡ ਰੈਵੇਨਿਊ ਪਟਵਾਰੀ ਅਤੇ ਕਾਨੂੰਗੋ ਵੈਲਫੇਅਰ ਐਸੋਸੀਏਸ਼ਨ, ਦਸਮੇਸ਼ ਪਾਰਕ ਕਲੱਬ ਤੇ ਹੋਰ ਸੰਸਥਾਵਾਂ ਨੇ ਕਾਲੇ ਝੰਡਿਆਂ ਸਮੇਤ ਰੋਸ ਰੇਲੀ ਕੀਤੀ।
ਬਰਨਾਲਾ (ਰਵਿੰਦਰ ਰਵੀ): ਧਨੌਲਾ ਵਿਚ ਰਿਲਾਇੰਸ ਪੈਟਰੋਲ ਪੰਪ ਅਤੇ ਬਡਬਰ ਟੋਲ ਪਲਾਜ਼ਾ ’ਤੇ ਬੈਠੇ ਕਿਸਾਨਾਂ ਵੱਲੋਂ ਸਾਂਝੇ ਤੌਰ ’ਤੇ ਇਕੱਠਿਆਂ ਹੋ ਕੇ ਧਨੌਲਾ ਮੰਡੀ ਅੰਦਰ ਰੋਸ ਮੁਜ਼ਾਹਰਾ ਕੀਤਾ ਅਤੇ ਬਾਅਦ ਵਿਚ ਬੱਸ ਸਟੈਂਡ ਧਨੌਲਾ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ।
ਸਿਆਸੀ ਪਾਰਟੀਆਂ ਦੇ ਦਫ਼ਤਰਾਂ ’ਤੇ ਵੀ ਝੂਲੇ ਕਾਲੇ ਝੰਡੇ
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਲਵਾ ਖੇਤਰ ਵਿੱਚ ਸੰਯੁਕਤ ਕਿਸਾਨ ਮੋਰਚੇ ਵਲੋਂ ਦੇਸ਼ ਵਿਚ ਕਾਲਾ ਦਿਨ ਮਨਾਉਣ ਦੇ ਦਿੱਤੇ ਸੱਦੇ ਨੂੰ ਅੱਜ ਸਿਆਸੀ ਪਾਰਟੀਆਂ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਭਰਵਾਂ ਹੁੰਗਾਰਾ ਦਿੱਤਾ ਗਿਆ। ਰਾਜਸੀ ਪਾਰਟੀਆਂ ਦੇ ਵੱਡੇ ਆਗੂਆਂ ਨੇ ਆਪੋ-ਆਪਣੇ ਘਰਾਂ ਅਤੇ ਪਾਰਟੀ ਦਫ਼ਤਰਾਂ ਵਿੱਚ ਕਾਲੇ ਝੰਡੇ ਲਹਿਰਾਏ ਜਦੋਂ ਕਿ ਕਿਸਾਨ ਜਥੇਬੰਦੀਆਂ ਵਲੋਂ ਪਿੰਡਾਂ ਵਿਚ ਕਾਲੇ ਝੰਡੇ ਲਹਿਰਾਏ ਗਏ ਅਤੇ ਮੋਦੀ ਸਰਕਾਰ ਦੀਆਂ ਥਾਂ-ਥਾਂ ਅਰਥੀਆਂ ਸਾੜੀਆਂ ਗਈਆਂ। ਇਸੇ ਦੌਰਾਨ ਮਾਨਸਾ ਦੇ ਰੇਲਵੇ ਸਟੇਸ਼ਨ ਨੇੜੇ ਮੋਦੀ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
ਕਾਲੇ ਕਾਨੂੰਨਾਂ ਖਿਲਾਫ਼ ਵੱਖ-ਵੱਖ ਥਾਵਾਂ ’ਤੇ ਕੀਤੇ ਟਰੈਕਟਰ ਮਾਰਚ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਕਿਸਾਨ ਮੋਰਚੇ ਦੇ ਛੇ ਮਹੀਨੇ ਪੂਰੇ ਹੋਣ ’ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਦਿਕ ਕਸਬੇ ਸਮੇਤ ਨੇੜਲੇ ਪਿੰਡਾਂ ਵਿੱਚ ਟਰੈਕਟਰ ਮਾਰਚ ਕਰਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ ਅਤੇ ਘਰਾਂ ਦੀਆਂ ਛੱਤਾਂ ਉੱਤੇ ਕਾਲੇ ਝੰਡੇ ਲਹਿਰਾਏ ਗਏ। ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਗੁਰਜੋਤ ਡੋਡ, ਜ਼ਿਲ੍ਹਾ ਆਗੂ ਰਾਜਿੰਦਰ ਕਿੰਗਰਾ, ਜਗਦੀਪ ਸਿੰਘ ਦੀਪ ਸਿੰਘ ਵਾਲਾ, ਬਲਵਿੰਦਰ ਰੂਪੇਵਾਲੀਆ ਤੇ ਜਗਵੀਰ ਕੌਰ ਨੇ ਕਿਹਾ ਕੇ ਅੱਜ ਹੀ ਮੋਦੀ ਹਕੂਮਤ ਦੇ 7 ਸਾਲ ਪੂਰੇ ਹੋ ਗਏ ਹਨ, ਜੋ ਦੇਸ਼ ਦੇ ਇਤਿਹਾਸ ਦਾ ਕਾਲਾ ਦੌਰ ਹੈ।
ਜੈਤੋ (ਸ਼ਗਨ ਕਟਾਰੀਆ): ਇੱਥੇ ਅੱਜ ਕਿਰਤੀ ਕਿਸਾਨ ਯੂਨੀਅਨ ਨੇ ਜੈਤੋ ਅਤੇ ਨਾਲ ਲੱਗਦੇ ਖੇਤਰਾਂ ’ਚ ਕਾਲੇ ਦਿਵਸ ਸਬੰਧੀ ਟਰੈਕਟਰ ਮਾਰਚ ਕੀਤਾ। ਯੂਨੀਅਨ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਸਕੱਤਰ ਸਰਦੂਲ ਸਿੰਘ ਕਾਸਮਭੱਟੀ ਦੀ ਅਗਵਾਈ ਵਿੱਚ ਇਹ ਮਾਰਚ ਕੱਢਿਆ ਗਿਆ। ਜੈਤੋ ਦੀ ਦਾਣਾ ਮੰਡੀ ’ਚੋਂ ਟਰੈਕਟਰਾਂ ’ਤੇ ਜੱਥੇਬੰਦੀ ਦੇ ਝੰਡਿਆਂ ਸਮੇਤ ਕਾਲੇ ਝੰਡੇ ਲਾ ਕੇ ਰੋੜੀਕਪੂਰਾ, ਕਾਸਮਭੱਟੀ, ਹਰੀ ਨੌਂ, ਕੋਹਾਰਵਾਲਾ, ਕੋਟਕਪੂਰਾ, ਢਿੱਲਵਾਂ, ਸਰਾਵਾਂ, ਗੁਰੂਸਰ, ਬਹਬਿਲ, ਨਿਆਮੀਵਾਲਾ, ਕੋਠੇ ਮਾਹਲਾ ਸਿੰਘ ਵਿਚੋਂ ਮਾਰਚ ਲੰਘਿਆ।
ਅਜੀਤਵਾਲ (ਗੁਰਪ੍ਰੀਤ ਦੌਧਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇੱਥੇ ਕਿਸਾਨਾਂ ਵੱਲੋਂ ਕਾਲੇ ਝੰਡੇ, ਝੰਡੀਆਂ ਲਾ ਕੇ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ। ਬਧਨੀ ਕਲਾਂ, ਰਾਊਕੇ ਕਲਾਂ, ਮੱਲੇਆਣਾ, ਲੋਪੋ ਦਾਉਧਰ, ਢੁੱਡੀਕੇ, ਤਖਾਣਵੱਧ, ਮੱਦੋਕੇ ਤੋਂ ਹੁੰਦੇ ਹੋਏ ਬੁੱਘੀਪੁਰਾ ਪਹੁੰਚ ਕੇ ਮਾਰਚ ਦੀ ਸਮਾਪਤੀ ਕੀਤੀ ਗਈ।