ਪੱਤਰ ਪ੍ਰੇਰਕ
ਭੁੱਚੋ ਮੰਡੀ, 16 ਅਗਸਤ
ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਨੇ ਪਿੰਡ ਭੁੱਚੋ ਖੁਰਦ ਵਿੱਚ ਆਜ਼ਾਦੀ ਦਿਹਾੜੇ ਮੌਕੇ ਇਕਾਈ ਪ੍ਰਧਾਨ ਮਨਜੀਤ ਕੌਰ ਪਿਆਰੋ ਦੀ ਅਗਵਾਈ ਹੇਠ ਕਾਲੀਆਂ ਝੰਡੀਆਂ ਨਾਲ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਭਿੰਦਰ ਕੌਰ, ਗੁਰਮੇਲ ਕੌਰ, ਗੁਰਮੀਤ ਕੌਰ, ਕੁਲਦੀਪ ਕੌਰ, ਸੀਰਾਂ ਬੇਗਮ ਅਤੇ ਪ੍ਰੈੱਸ ਸਕੱਤਰ ਜੋਤੀ ਨੇ ਕਿਹਾ ਕਿ ਪਿੰਡ ਵਿੱਚ ਪਿਛਲੇ ਅੱਠ ਮਹੀਨਿਆਂ ਤੋਂ ਪਸ਼ੂ ਡਿਸਪੈਂਸਰੀ ਵਿੱਚ ਕੋਈ ਡਾਕਟਰ ਨਹੀਂ ਹੈ। ਲੰਪੀ ਸਕਿਨ ਬਿਮਾਰੀ ਦੇ ਚਲਦਿਆਂ ਲੋਕਾਂ ਦੇ ਪਸ਼ੂਧਨ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
ਵਿਖਾਵਾਕਾਰੀ ਠੇਕਾ ਕਾਮੇ ਹਿਰਾਸਤ ’ਚ ਲਏ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ) ਇੱਥੇ ਰੋਜ਼ ਗਾਰਡਨ ਨੇੜੇ ਆਜ਼ਾਦੀ ਦਿਵਸ ਦੇ ਵਿਰੋਧ ਲਈ ਇਕੱਠੇ ਹੋਏ ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਵਰਕਰਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਰਕਰਾਂ ਨੇ ਇੱਥੇ ਚੌਕ ਵਿੱਚ ਰੈਲੀ ਤਾਂ ਕਰ ਲਈ ਸੀ ਪਰ ਜਦੋਂ ਉਹ ਕਾਲੇ ਚੋਗੇ ਪਹਿਨ ਕੇ ਤੇ ਕਾਲੇ ਝੰਡਿਆਂ ਨਾਲ ਸ਼ਹਿਰ ਵੱਲ ਰੋਸ ਮਾਰਚ ਲਈ ਵਧੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਮੋਰਚੇ ਦੇ ਸੂਬਾਈ ਆਗੂ ਗੁਰਵਿੰਦਰ ਪਨੂੰ, ਸੰਦੀਪ ਖ਼ਾਨ, ਖੁਸ਼ਦੀਪ ਸਿੰਘ, ਹਰਜਿੰਦਰ ਬਰਾੜ, ਜਗਜੀਤ ਬਰਾੜ, ਇਕਬਾਲ ਸਿੰਘ ਅਤੇ ਕਰਮਜੀਤ ਦਿਉਣ ਨੇ ਕਿਹਾ ਕਿ ਪ੍ਰਦਰਸ਼ਨ ’ਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਆਊਟਸੋਰਸਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮ ਸਨ। ਉਨ੍ਹਾ ਕਿਹਾ ਕਿ ਅਖੌਤੀ ਆਜ਼ਾਦੀ ਦੇ ਮੌਕੇ ਸਰਕਾਰ ਗੱਲ ਸੁਣਨ ਦੀ ਬਜਾਇ ਹੱਕ ਮੰਗਣ ਵਾਲੇ ਠੇਕਾ ਕਾਮਿਆਂ ਨੂੰ ਜੇਲ੍ਹਾਂ ਵਿੱਚ ਸੁੱਟ ਰਹੀ ਹੈ ਪਰ ਸੰਘਰਸ਼ੀ ਲੋਕ ਜੇਲ੍ਹਾਂ ਥਾਣਿਆਂ ਤੋਂ ਨਹੀਂ ਡਰਦੇ।