ਮਨੋਜ ਸ਼ਰਮਾ
ਬਠਿੰਡਾ, 29 ਦਸੰਬਰ
ਪੇਂਡੂ ਤੇ ਖੇਤ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਇੱਥੇ ਸੈਂਕੜੇ ਮਜ਼ਦੂਰਾਂ ਨੇ ਐਸਡੀਐਮ ਮੌੜ ਮੰਡੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਪ੍ਰਿਤਪਾਲ ਸਿੰਘ ਰਾਮਪੁਰਾ, ਮੱਖਣ ਸਿੰਘ ਗੁਰੂਸਰ, ਗੁਰਬੰਤ ਸਿੰਘ ਡਿੱਖ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਮਜ਼ਦੂਰਾਂ ਨੂੰ ਨਰਮਾ ਚੁਗਾਈ ਦਾ ਮੁਆਵਜ਼ਾ ਦੇਣ ਅਤੇ ਹੱਕਦਾਰ ਮਜ਼ਦੂਰਾਂ ਦੀ ਸਨਾਖ਼ਤ ਸਬੰਧੀ ਮਜ਼ਦੂਰ ਦੇ ਬਿਜਲੀ ਦਾ ਮੀਟਰ ਹੋਣ, ਸ਼ਨਾਖ਼ਤ ਸਮੇਂ ਸਰਪੰਚ, ਪੰਚ ਤੇ ਨੰਬਰਦਾਰ ਹਾਜ਼ਰ ਹੋਣ ਦੀ ਹਦਾਇਤ ਜਾਰੀ ਕਰ ਦਿੱਤੀ ਗਈ ਹੈ। 23 ਨਵੰਬਰ ਨੂੰ ਮੁੱਖ ਮੰਤਰੀ ਦੀ ਮੀਟਿੰਗ ਵਿੱਚ ਗ੍ਰਾਮ ਸਭਾ ਰਾਹੀਂ ਚੋਣ ਕਰਨ ਦਾ ਫ਼ੈਸਲਾ ਹੋਇਆ ਸੀ। ਜੇ ਇਹੀ ਹੁਕਮ ਕਾਇਮ ਰਹਿੰਦੇ ਹਨ ਤਾਂ ਮਜ਼ਦੂਰ ਮੁਆਵਜ਼ਾ ਵਿੱਚ ਵੱਡੀ ਪੱਧਰ ’ਤੇ ਧਾਂਦਲੀਆਂ ਹੋਣਗੀਆਂ। ਮਜ਼ਦੂਰ ਆਗੂਆਂ ਨੇ ਐਲਾਨ ਕੀਤਾ ਕਿ 30 ਦਸੰਬਰ ਨੂੰ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਆਮਦ ਮੌਕੇ ਉਨ੍ਹਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਮਜ਼ਦੂਰ ਜਥੇਬੰਦੀਆਂ ਵੱਲੋਂ ਮੰਗਾਂ ਨੂੰ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਲਾਮਬੰਦੀ ਮੀਟਿੰਗਾਂ
ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ 30 ਦਸੰਬਰ ਨੂੰ ਐੱਸਡੀਐੱਮ ਦਫ਼ਤਰ ਅੱਗੇ ਦਿੱਤੇ ਜਾ ਰਹੇ ਧਰਨੇ ਦੀ ਤਿਆਰੀ ਸਬੰਧੀ ਪਿੰਡ ਥਾਂਦੇਵਾਲਾ, ਲੰਡੇ ਰੋਡੇ ਅਤੇ ਕੋਟਲੀ ਦੇਵਨ ਵਿੱਚ ਲਾਮਬੰਦੀ ਮੀਟਿੰਗਾਂ ਕੀਤੀਆਂ ਗਈਆਂ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਸੰਗੂਧੌਣ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 23 ਨਵੰਬਰ ਨੂੰ ਪ੍ਰਵਾਨ ਕੀਤੀਆਂ ਨੂੰ ਲਾਗੂ ਕਰਨ ਤੋਂ ਹੁਣ ਸਰਕਾਰ ਭੱਜ ਗਈ ਹੈ।