ਮਨੋਜ ਸ਼ਰਮਾ
ਬਠਿੰਡਾ 14 ਅਗਸਤ
ਪੰਜਾਬ ਦੀ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਜਥੇਬੰਦੀ ਨੇ ਆਜ਼ਾਦੀ ਦਿਵਸ ਮੌਕੇ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਹਰ ਵਰ੍ਹੇ ਆਜ਼ਾਦੀ ਦਿਵਸ ਮੌਕੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਵਾਰ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵੱਲੋਂ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਬਠਿੰਡਾ ਜ਼ਿਲ੍ਹੇ ਦੀ ਜਥੇਬੰਦੀ ਦੇ ਪ੍ਰਧਾਨ ਨਿਰਭੈ ਸਿੰਘ ਜੇਠੂਕੇ, ਸਵਰਨ ਸਿੰਘ ਘੜੈਲੀ, ਸੁਖਮੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਲਈ ਘਰ-ਘਰ ਪਹੁੰਚ ਕੀਤੀ ਗਈ ਜਿਸ ਵਿਚ ਨਾਇਬ ਤਹਿਸੀਲਦਾਰ ਸਮੇਤ ਹੋਰ ਸਰਕਾਰੀ ਅਧਿਕਾਰੀਆਂ ਨੇ ਆਜ਼ਾਦੀ ਘੁਲਾਟੀਆਂ ਦੇ ਘਰ ਪਹੁੰਚ ਕੀਤਾ ਪਰ ਜਥੇਬੰਦੀ ਨੇ ਸਰਕਾਰੀ ਸਨਮਾਨ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਬਠਿੰਡਾ ਦੇ ਮਲਕਾਣਾ ਵਿਖੇ ਹਰਨਰਾਇਣ ਸਿੰਘ ਪੁੱਤਰ ਨੰਦ ਸਿੰਘ ਦੇ ਪਰਿਵਾਰ ਨੇ ਤਹਿਸੀਲਦਾਰ ਤਲਵੰਡੀ ਸਾਬੋ ਦੀ ਟੀਮ ਤੋਂ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡ ਘੜੈਲੀ, ਜੇਠੂਕੇ, ਸੇਖਪੁਰਾ, ਬਠਿੰਡਾ, ਨਥਾਣਾ, ਪਹੂਲਾ, ਬਾਜਾਖਾਨਾ, ਕਮਾਲੂ, ਸੇਲਬਰਰਾ ਦੇ ਪਰਿਵਾਰਾਂ ਨੇ ਸਰਕਾਰ ਵੱਲੋਂ ਜ਼ਰੂਰੀ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸਨਮਾਨ ਲੈਣ ਤੋਂ ਇਨਕਾਰ ਕੀਤਾ। ਆਜ਼ਾਦੀ ਘੁਲਾਟੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਰਿਵਾਰਾਂ ਨੂੰ ਬਿਜਲੀ ਦੇ 300 ਯੂਨਿਟ ਮੁਆਫ ਕਰਨ ਦਾ ਐਲਾਨ ਕੀਤਾ ਸੀ ਜੋ ਸਿਰਫ਼ ਐਲਾਨ ਤੱਕ ਹੀ ਸੀਮਤ ਹੈ ਜਿਸ ਨੂੰ ਲਾਗੂ ਨਹੀਂ ਕੀਤਾ ਗਿਆ। ਉਧਰ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪਿਛਲੇ ਦਿਨੀਂ ਫਰੀਡਮ ਫਾਈਟਰਜ਼ ਉੱਤਰਾਧਿਕਾਰੀ ਜਥੇਬੰਦੀ ਨਾਲ ਰੈਸਟ ਵਿੱਚ ਮੀਟਿੰਗ ਦੌਰਾਨ ਭਰੋਸਾ ਦਿੱਤਾ ਸੀ ਕਿ ਉਹ 300 ਯੂਨਿਟ ਬਿਜਲੀ ਮੁਆਫ਼ੀ ਵਾਲੇ ਨੋਟੀਫਿਕੇਸ਼ਨ ਦੀ ਕਾਪੀ ਆਜ਼ਾਦੀ ਦਿਵਸ ਮੌਕੇ ਸੌਂਪਣਗੇ।
ਪੰਡਤ ਪ੍ਰਕਾਸ਼ ਚੰਦ ਨੂੰ ਦਿੱਤਾ ਸਨਮਾਨ: ਅੱਜ ਜ਼ਿਲ੍ਹੇ ਦੇ ਕੁਝ ਆਜ਼ਾਦੀ ਘੁਲਾਟੀ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਜਿਸ ਵਿਚ ਪ੍ਰਕਾਸ਼ ਚੰਦ ਮਹਿਮਾ ਨੂੰ ਉਸ ਦੇ ਦਾਦਾ ਰਾਮ ਚੰਦ ਵੱਲੋਂ ਦੂਜੇ ਵਿਸ਼ਵ ਯੁੱਧ ਵਿੱਚ ਹਿੱਸਾ ਲੈਣ ਬਦਲੇ ਨੰਬਰਦਾਰ ਗੁਰਵਿੰਦਰ ਸਿੰਘ ਅਤੇ ਹਲਕਾ ਪਟਵਾਰੀ ਦੀ ਹਾਜ਼ਰੀ ਵਿੱਚ ਸਨਮਾਨਿਆ ਗਿਆ।
ਆਜ਼ਾਦੀ ਘੁਲਾਟੀਆਂ ਤੇ ਵਾਰਸਾਂ ਦਾ ਘਰ-ਘਰ ਜਾ ਕੇ ਸਨਮਾਨ
ਬਰਨਾਲਾ (ਪਰਸ਼ੋਤਮ ਬੱਲੀ): ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਪ੍ਰਸਾਸ਼ਨ ਬਰਨਾਲਾ ਵੱਲੋਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਆਜ਼ਾਦੀ ਦਿਵਸ ਮੌਕੇ ਦਾ ਘਰ-ਘਰ ਜਾ ਕੇ ਸਨਮਾਨ ਕੀਤਾ ਗਿਆ। ਡਿਪਟੀ ਕਮਿਸਨਰ ਬਰਨਾਲਾ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਫਰੀਡਮ ਫ਼ਾਈਟਰ ਸ਼੍ਰੀ ਸੇਸ਼ਮਨੀ, ਰਤਨ ਚੰਦ ਮਕੜਾ, ਸੁਰਾਜ ਦੇਵ ਜੋਸ਼ੀ, ਰਾਮ ਸਿੰਘ, ਹਰਚੰਦ ਫਰੀਡਮ, ਫੁੱਮਣ ਸਿੰਘ, ਮਨਜੀਤ ਸਿੰਘ ਭੱਠਲ, ਝੰਡਾ ਸਿੰਘ, ਗੁਰਦਿਆਲ ਸਿੰਘ ਕੈਰੇ ਦੇ ਵਾਰਸਾਂ ਸਮੇਤ ਕਰੀਬ 70 ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਮੌਕੇ ਵੱਡੇ ਇਕੱਠ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਇਸ ਤਹਿਤ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦਾ ਪਾਲਣ ਕਰਦਿਆਂ ਆਜ਼ਾਦੀ ਦੇ ਨਾਲ ਸਬੰਧਿਤ ਅਤੇ ਇਨ੍ਹਾਂ ਸਾਰੇ ਲੋਕਾਂ ਨੂੰ ਸਨਮਾਨ ਚਿੰਨ੍ਹ ਅਤੇ ਲੱਡੂਆਂ ਦਾ ਡੱਬਾ ਦੇ ਕੇ ਸਨਮਾਨਿਤ ਕੀਤਾ ਗਿਆ। ਬਰਨਾਲਾ ਪ੍ਰਸ਼ਾਸ਼ਨ ਤਰਫ਼ੋਂ ਸੰਦੀਪ ਸਿੰਘ ਤਹਿਸੀਲਦਾਰ ਬਰਨਾਲਾ ਵੱਲੋਂ ਖੁਦ ਆਜ਼ਾਦੀ ਘੁਲਾਟੀਆਂ ਦੇ ਘਰਾਂ ਵਿੱਚ ਪਹੁੰਚ ਕੇ ਸਨਮਾਨ ਕੀਤਾ ਗਿਆ ।