ਸ਼ਗਨ ਕਟਾਰੀਆ
ਬਠਿੰਡਾ, 19 ਅਕਤੂਬਰ
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਕੱਚੇ ਕਾਮਿਆਂ ਦੀਆਂ ਨਿਗੂਣੀਆਂ ਤਨਖਾਹਾਂ ਪਿਛਲੇ ਚਾਰ ਮਹੀਨਿਆਂ ਤੋਂ ਨਾ ਮਿਲਣ ਦੇ ਰੋਸ ਵਿੱਚ ਕਾਰਜਕਾਰੀ ਇੰਜਨੀਅਰਾਂ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਖਾਨ ਬਾਲਿਆਂਵਾਲੀ ਅਤੇ ਜ਼ਿਲ੍ਹਾ ਪ੍ਰਧਾਨ ਮਾਨਸਾ ਸਤਨਾਮ ਸਿੰਘ ਖਿਆਲਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਗੂ ਰੋਡ ਬਠਿੰਡਾ ਵਿਖੇ ਸਥਿਤ ਐਕਸੀਅਨ ਮਨਪ੍ਰੀਤ ਸਿੰਘ ਅਰਸ਼ੀ ਮੰਡਲ ਨੰ. 2 ਅਤੇ ਕੇਵਲ ਗਰਗ ਮੰਡਲ ਨੰ. 1 ਦਾ ਪਰਿਵਾਰਾਂ ਤੇ ਬੱਚਿਆਂ ਸਮੇਤ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ ਪਿੱਛਲੇ ਚਾਰ ਮਹੀਨਿਆਂ ਤੋਂ ਕੱਚੇ ਠੇਕਾ ਕਾਮਿਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸ ਕਾਰਨ ਉਨ੍ਹਾਂ ਦੇ ਘਰਾਂ ਦੇ ਹਾਲਾਤ ਬਹੁਤ ਮਾੜੇ ਹਨ। ਇਨ੍ਹਾਂ ਹਾਲਾਤ ਵਿੱਚ ਪਹਿਲਾਂ ਵਰਕਰਾਂ ਨੇ ਦਸਹਿਰੇ ਦਾ ਤਿਉਹਾਰ ਮਨਾਇਆ ਅਤੇ ਹੁਣ ਦੀਵਾਲੀ ਦਾ ਤਿਉਹਾਰ ਵੀ ਮੰਦਹਾਲੀ ਵਿੱਚ ਹੀ ਵੇਖਣ ਲਈ ਮਜਬੂਰ ਹਨ। ਉਨ੍ਹਾਂ ਅਧਿਕਾਰੀਆਂ ’ਤੇ ਵਰ੍ਹਦਿਆਂ ਕਿਹਾ ਪਿੱਛਲੇ ਦਿਨੀਂ ਕੱਚੇ ਕਾਮਿਆਂ ਵੱਲੋਂ ਤਨਖਾਹਾਂ ਲੈਣ ਲਈ ਲਗਾਤਾਰ ਦਿਨ ਰਾਤ ਬੱਚਿਆਂ ਤੇ ਪਰਿਵਾਰ ਸਮੇਤ ਰੋਸ ਧਰਨਾ ਦੇ ਕੇ ਤਨਖਾਹਾਂ ਦੇ ਫੰਡ ਪਵਾਏ ਗਏ, ਪਰ ਅਫਸੋਸ ਦੀ ਗੱਲ ਇਹ ਹੈ ਕਿ ਐਕਸੀਅਨ ਹੁਣ ਕਹਿੰਦੇ ਹਨ ਕਿ ਅਸੀਂ ਪਹਿਲਾਂ ਵਾਲੀ ਤਨਖਾਹ ਤੁਹਾਨੂੰ ਨਹੀਂ ਦੇ ਸਕਦੇ। ਜੇ ਹੁਣ ਤਨਖਾਹਾਂ ਪਵਾਉਣੀਆਂ ਤਾਂ 6 ਤੋਂ 7 ਹਜ਼ਾਰ ਪ੍ਰਤੀ ਮਹੀਨਾ ਘੱਟ ਤਨਖਾਹਾਂ ਪਾਵਾਂਗੇ ਜਿਸ ਦੇ ਰੋਸ ਵਿੱਚ ਅੱਜ ਜਲ ਸਪਲਾਈ ਵਿਭਾਗ ਦੇ ਐਕਸੀਅਨ ਨੂੰ ਘਿਰਾਓ ਕਰਕੇ ਦਫਤਰ ਵਿੱਚ ਬੰਦ ਕੀਤਾ ਗਿਆ ਹੈ। ਇਸ ਮੌਕੇ ਗੁਰਵਿੰਦਰ ਸਿੰਘ ਮਾਨਸਾ, ਤਰਸੇਮ ਸਿੰਘ ਮਾਨਸਾ, ਹਰਵਿੰਦਰ ਸਿੰਘ ਹੈਰੀ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਪੰਨੂ ਨੇ ਵੀ ਸੰਬੋਧਨ ਕੀਤਾ।