ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਮਾਲਵਾ ਖੇਤਰ ਵਿੱਚ ਇਸ ਸੀਜ਼ਨ ਵਿੱਚ ਕਣਕ ਦੀ ਬਿਜਾਈ ’ਚ ਦੇਰੀ ਹੋਣ ਦੇ ਆਸਾਰ ਬਣ ਗਏ ਹਨ ਕਿਉਂਕਿ ਸਿੰਚਾਈ ਵਿਭਾਗ ਵੱਲੋਂ ਨਹਿਰ ਦੀ ਸਫ਼ਾਈ ਲਈ 17 ਨਵੰਬਰ ਤੱਕ ਸਰਹਿੰਦ ਨਹਿਰ ਤੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਬਿਜਾਈ ਲਈ ਹੁਣ ਸਮਾਂ ਅਨੁਕੂਲ ਹੈ ਅਤੇ ਜੇਕਰ ਇੱਥੋਂ ਇੱਕ ਜਾਂ ਦੋ ਹਫ਼ਤੇ ਦੀ ਦੇਰੀ ਹੋ ਜਾਂਦੀ ਹੈ ਤਾਂ ਫ਼ਸਲ ਦੇ ਝਾੜ ’ਤੇ ਮਾੜਾ ਅਸਰ ਪਵੇਗਾ। ਖਾਸ ਕਰਕੇ ਜਿੱਥੇ ਨਰਮੇ ਦੀ ਬਿਜਾਈ ਵਾਲੇ ਖੇਤ ਹੁਣ ਖਾਲੀ ਪਏ ਹਨ ਅਤੇ ਕਣਕ ਦੀ ਬਿਜਾਈ ਤੋਂ ਪਹਿਲਾਂ ਉਨ੍ਹਾਂ ਨੂੰ ਸਹੀ ਢੰਗ ਨਾਲ ਸਿੰਚਾਈ ਕਰਨ (ਰੋਣੀ) ਦੀ ਲੋੜ ਹੈ ਪਰ ਹੁਣ ਨਹਿਰ ‘ਸੁੱਕਣ’ ਕਾਰਨ ਕਿਸਾਨਾਂ ਕੋਲ ਤਿੰਨ ਹਫ਼ਤਿਆਂ ਤੱਕ ਬੇਵੱਸ ਹੋ ਕੇ ਇੰਤਜ਼ਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਨਹਿਰ ਦੀ ਸਫ਼ਾਈ ਜਾਂ ਮੁਰੰਮਤ ਦਾ ਕੰਮ ਪਹਿਲਾਂ ਤੋਂ ਹੀ ਕਰਨਾ ਚਾਹੀਦਾ ਹੈ ਨਾ ਕਿ ਬਿਜਾਈ ਦੇ ਸੀਜ਼ਨ ਮੌਕੇ। ਜ਼ਿਕਰਯੋਗ ਹੈ ਕਿ ਮਾਲਵੇ ਦੇ ਬਹੁਤੇ ਖੇਤਰ ਵਿੱਚ ਅਜਿਹੇ ਕਿਸਾਨ ਹਨ ਜੋ ਫਸਲਾਂ ਦੀ ਬਿਜਾਈ ਲਈ ਪੂਰੀ ਤਰ੍ਹਾਂ ਨਹਿਰੀ ਪਾਣੀ ’ਤੇ ਨਿਰਭਰ ਕਰਦੇ ਹਨ ਕਿਉਂਕਿ ਟਿਊਬਵੈੱਲਾਂ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਸਿੰਚਾਈ ਲਈ ਯੋਗ ਨਹੀਂ ਮੰਨਿਆ ਜਾਂਦਾ। ਬੀਕੇਯੂ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਜਗਸੀਰ ਸਿੰਘ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਨਹਿਰ ਵਿਭਾਗ ਤੇ ਸੂਬਾ ਸਰਕਾਰ ਵੱਲੋਂ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਸਫ਼ਾਈ ਕਰਨ ਲਈ ਨਹਿਰੀ ਪਾਣੀ ਦੀ ਸਪਲਾਈ ਬੰਦ ਕਰਨਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਖੇਤੀ ਸੰਕਟ ਨਾਲ ਜੂਝ ਰਹੇ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਗੰਭੀਰ ਨਹੀਂ ਜਾਪਦੀ। ਡੀਏਪੀ ਦੀ ਘਾਟ, ਬਿਜਾਈ ਦੇ ਸੀਜ਼ਨ ਦੌਰਾਨ ਨਹਿਰੀ ਪਾਬੰਦੀ ਯਕੀਨਨ ਕਿਸਾਨਾਂ ’ਤੇ ਭਾਰੂ ਪਵੇਗੀ।
ਕੀ ਕਹਿੰਦੇ ਨੇ ਸਿੰਚਾਈ ਵਿਭਾਗ ਦੇ ਐਕਸੀਅਨ
ਸਿੰਚਾਈ ਵਿਭਾਗ ਬਠਿੰਡਾ ਦੇ ਐਕਸੀਅਨ ਗੁਰਸਾਗਰ ਚਹਿਲ ਨੇ ਕਿਹਾ ਕਿ ਨਹਿਰੀ ਪਾਣੀ ਦੀ ਸਪਲਾਈ 17 ਨਵੰਬਰ ਤੱਕ ਸਫ਼ਾਈ ਕਾਰਨ ਬੰਦ ਕਰ ਦਿੱਤੀ ਗਈ ਹੈ। ਖ਼ਰਾਬ ਮੌਸਮ ਅਤੇ ਬੇਮੌਸਮੀ ਬਰਸਾਤ ਕਾਰਨ ਇਸ ਸਾਲ ਝੋਨੇ ਦੀ ਕਟਾਈ ਵਿੱਚ ਦੇਰੀ ਹੋਣ ਕਾਰਨ ਅਤੇ ਇਸ ਤੋਂ ਬਾਅਦ ਕਣਕ ਦੀ ਬਿਜਾਈ ਵੀ ਲੇਟ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਹੀ ਨਹਿਰ ਦੀ ਸਫ਼ਾਈ ਦੇ ਕੰਮ ਦੀ ਵਿਉਂਤਬੰਦੀ ਕੀਤੀ ਹੈ।