ਮਨੋਜ ਸ਼ਰਮਾ
ਬਠਿੰਡਾ, 29 ਮਈ
ਬਠਿੰਡਾ ਦੇ ਮਲਟੀਪਰਪਜ਼ ਸਟੇਡੀਅਮ ’ਚ ਸਿੰਥੈਟਿਕ ਟਰੈਕ ਲਾਉਣ ਦਾ ਕੰਮ ਸੱਤ ਸਾਲ ਬੀਤ ਜਾਣ ਤੋਂ ਬਾਅਦ ਵੀ ਸਿਰੇ ਨਹੀਂ ਚੜ੍ਹ ਸਕਿਆ। ਅਥਲੀਟਾਂ ਨੂੰ ਮਿੱਟੀ ਦੇ ਬਣੇ ਟਰੈਕ ’ਤੇ ਅਭਿਆਸ ਕਰਨਾ ਮੁਸ਼ਕਲ ਲੱਗਦਾ ਹੈ। ਜਿਸ ਕਾਰਨ ਖਿਡਾਰੀਆਂ ਨੂੰ ਮਜਬੂਰੀਵੱਸ ਬਠਿੰਡਾ ਤੋਂ 10 ਕਿਲੋਮੀਟਰ ਦੂਰ ਘੁੱਦਾ ਪਿੰਡ ਦੇ ਸਕੂਲ ਵਿੱਚ ਸਿੰਥੈਟਿਕ ਟਰੈਕ ’ਤੇ ਅਭਿਆਸ ਕਰਨ ਲਈ ਦੂਰੀ ਤੈਅ ਕਰਨੀ ਪੈਂਦੀ ਹੈ।
2014-15 ਵਿੱਚ, ਵਿਭਾਗ ਵੱਲੋਂ ਸਿੰਥੈਟਿਕ ਟਰੈਕ ਬਣਾਉਣ ਲਈ ਪ੍ਰਸਤਾਵ ਪੇਸ਼ ਕੀਤੇ ਜਾਣ ਮਗਰੋਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਦੀ ਇੱਕ ਟੀਮ ਨੇ ਇਸ ਪ੍ਰਾਜੈਕਟ ਨਾਲ ਸਬੰਧਤ ਰੂਪ-ਰੇਖਾ ਤਿਆਰ ਕਰਨ ਲਈ ਬਠਿੰਡਾ ਦੇ ਮਲਟੀਪਰਪਜ਼ ਸਟੇਡੀਅਮ ਦਾ ਦੌਰਾ ਕੀਤਾ ਸੀ ਪਰ ਗੱਲ ਅੱਗੇ ਨਹੀਂ ਵਧੀ ਤੇ ਚਾਰ ਸਾਲ ਪਹਿਲਾਂ ਵੀ ਵਿਚਾਰੇ ਜਾਣ ਤੋਂ ਪਹਿਲਾਂ ਪ੍ਰਾਜੈਕਟ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਸੀ। ਵਿਭਾਗ ਨੇ ਕੇਂਦਰ ਸਰਕਾਰ ਦੀ ਖੇਲੋ ਇੰਡੀਆ ਸਕੀਮ ਤਹਿਤ ਸਿੰਥੈਟਿਕ ਟਰੈਕ ਦੇ ਨਿਰਮਾਣ ਲਈ ਪ੍ਰਸਤਾਵ ਵੀ ਪੇਸ਼ ਕੀਤਾ ਹੈ ਪਰ ਯਤਨ ਨੂੰ ਬੂਰ ਨਹੀਂ ਪਿਆ।
ਸੂਤਰਾਂ ਅਨੁਸਾਰ ਮਲਟੀਪਰਪਜ਼ ਸਟੇਡੀਅਮ ਵਕਫ਼ ਬੋਰਡ ਦੀ ਜ਼ਮੀਨ ’ਤੇ ਬਣਾਇਆ ਸੀ ਤੇ ਜ਼ਿਲ੍ਹਾ ਖੇਡ ਵਿਭਾਗ ਹਰ ਤਿੰਨ ਸਾਲ ਬਾਅਦ ਇਸ ਨੂੰ ਲੀਜ਼ ’ਤੇ ਲੈਂਦਾ ਹੈ। ਇਸ ਲਈ, ਸਿੰਥੈਟਿਕ ਟਰੈਕ ਲਾਉਣ ਦਾ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕਿਆ।
ਜ਼ਿਲ੍ਹਾ ਖੇਡ ਅਫ਼ਸਰ (ਡੀਐਸਓ) ਬਠਿੰਡਾ, ਪਰਮਿੰਦਰ ਸਿੰਘ ਨੇ ਕਿਹਾ, ਮਲਟੀਪਰਪਜ਼ ਸਟੇਡੀਅਮ ਵਿੱਚ ਸਿੰਥੈਟਿਕ ਟਰੈਕ ਲਾਉਣ ਦਾ ਪ੍ਰਾਜੈਕਟ ਵੱਖ-ਵੱਖ ਮੌਕਿਆਂ ’ਤੇ ਲਿਆ ਗਿਆ ਸੀ ਪਰ ਵਿਭਾਗ ਕੋਲ ਜ਼ਮੀਨ ਦੀ ਮਾਲਕੀ ਨਹੀਂ ਤੇ ਇਸ ਦੇ ਨਿਰਮਾਣ ’ਚ ਤਕਨੀਕੀ ਖਾਮੀਆਂ ਸਨ।
ਇੱਕ ਸਟੇਡੀਅਮ ਮੁੱਖ ਤੌਰ ’ਤੇ ਐਥਲੀਟਾਂ ਲਈ ਬਣਾਇਆ ਗਿਆ ਹੈ ਤਾਂ ਜੋ ਉਹ ਨਿਯਮਤ ਅਭਿਆਸ ਕਰ ਸਕਣ। ਉਨ੍ਹਾਂ ਨੂੰ ਇੱਥੇ ਅਭਿਆਸ ਕਰਨਾ ਬਹੁਤ ਮੁਸ਼ਕਲ ਲੱਗਦਾ ਹੈ ਕਿਉਂਕਿ ਸਵੇਰ ਤੇ ਸ਼ਾਮ ਦੇ ਸੈਰ ਕਰਨ ਵਾਲੇ ਇਸ ਜਗ੍ਹਾ ’ਤੇ ਇਕੱਠੇ ਹੁੰਦੇ ਹਨ ਸੂਤਰਾਂ ਨੇ ਦੱਸਿਆ ਕਿ ਵਿਭਾਗ ਨੂੰ ਟਰੈਕ ਦੇ ਵਿਚਕਾਰ ਘਾਹ ਵਾਲੇ ਮੈਦਾਨ ’ਤੇ ਵੱਖਰਾ ਟਰੈਕ ਬਣਾਉਣਾ ਚਾਹੀਦਾ ਹੈ।
ਇੱਕ ਐਥਲੈਟਿਕ ਕੋਚ ਨੇ ਕਿਹਾ ਕਿ ਮਿੱਟੀ ਦੇ ਟਰੈਕਾਂ ਤੇ ਸਿੰਥੈਟਿਕ ਟਰੈਕ ’ਤੇ ਅਭਿਆਸ ਕਰਨ ’ਚ ਬਹੁਤ ਅੰਤਰ ਹੈ ਕਿਉਂਕਿ ਇੱਕ ਅਥਲੀਟ ਜੋ ਉਸ ਨੂੰ ਸਿੰਥੈਟਿਕ ਟਰੈਕ (ਰਾਸ਼ਟਰੀ ਤੇ ਅੰਤਰਰਾਸ਼ਟਰੀ ਈਵੈਂਟਸ) ’ਤੇ ਆਪਣੇ ਪ੍ਰਦਰਸ਼ਨ ਲਈ ਅਭਿਆਸ ਕਰ ਹੈ, ਉਸ ਲਈ ਇਹ ਕਾਫ਼ੀ ਨਹੀਂ। ਪਿਛਲੇ ਸਾਲ ਚੂਨੇ ਤੇ ਕੋਲੇ ਦੇ ਬਣੇ ਸਿੰਡਰ ਟਰੈਕ ਨੂੰ ਤਿਆਰ ਕੀਤੇ ਜਾਣ ਤੋਂ ਬਾਅਦ ਹਾਲਾਤ ਬਿਹਤਰ ਹਨ।
ਸੈਰ ਕਰਨ ਵਾਲਿਆਂ ਸਮੇਤ ਹੋਰ ਵੀ ਕਈ ਸਮੱਸਿਆਵਾਂ
ਨਵੇਂ ਅਥਲੀਟਾਂ ਨੂੰ ਅਭਿਆਸ ਕਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਸਵੇਰ/ਸ਼ਾਮ ਸੈਰ ਕਰਨ ਵਾਲੇ ਲੋਕਾਂ ਦੀ ਫੌਜ ਸਟੇਡੀਅਮ ਵਿੱਚ ਆਉਂਦੀ ਹੈ ਅਤੇ ਟਰੈਕ ’ਤੇ ਚੱਲਦੀ ਹੈ। ਇਸੇ ਤਰ੍ਹਾਂ ਸਟੇਡੀਅਮ ਵਿੱਚ ਪੀਣ ਵਾਲੇ ਪਾਣੀ ਦੇ ਮਾੜੇ ਪ੍ਰਬੰਧ ਹਨ। ਉਥੇ ਹੀ ਚੋਰ ਉਚੱਕਿਆਂ ਵੱਲੋਂ ਜਿੱਥੇ ਖਿਡਾਰੀਆਂ ਦੇ ਵਹੀਕਲ ਸਾਮਾਨ ਚੋਰੀ ਦੀਆਂ ਖਬਰਾਂ ਵੀ ਮਿਲਦੀਆਂ ਰਹਿੰਦੀਆਂ ਹਨ।