ਪੱਤਰ ਪ੍ਰੇਰਕ
ਬਠਿੰਡਾ, 14 ਅਕਤੂਬਰ
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਕੁੱਲ ਅੱਠ ਅਧਿਆਪਕਾਂ ਨੂੰ ਬੇਮਿਸਾਲ ਖੋਜ ਕਾਰਜਾਂ ਲਈ ਵਿਸ਼ਵ ਦੇ 2 ਫੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਸਥਾਨ ਦਿੱਤਾ ਗਿਆ ਹੈ। ‘ਅਪਡੇਟਡ ਸਾਈਂਸ ਵਾਈਡ ਔਥਰ ਡਾਟਾਬੇਸ ਆਫ ਸਟੈਨਫੋਰਡ ਸਾਈਟੇਸ਼ਨ ਇੰਡੀਕੇਟਰਸ ਡੇਟਾਬੇਸ-2022’ ਨਾਮਕ ਦੁਨੀਆ ਦੇ 2 ਫੀਸਦੀ ਸਰਵੋਤਮ ਵਿਗਿਆਨੀਆਂ ਦੀ ਸੂਚੀ ਸਟੈਨਫੋਰਡ ਯੂਨੀਵਰਸਿਟੀ, ਯੂਐਸਏ ਦੁਆਰਾ ਜਾਰੀ ਕੀਤੀ ਹੈ ਅਤੇ ਐਲਸੇਵੀਅਰ ਬੀ.ਵੀ. ਦੁਆਰਾ 10 ਅਕਤੂਬਰ, 2022 ਨੂੰ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਸੂਚੀ ਵਿੱਚ ਸੀਯੂਪੀਬੀ ਦੇ ਅੱਠ ਅਧਿਆਪਕਾਂ ਦੇ ਨਾਮ ਸ਼ਾਮਲ ਹਨ।
ਕੈਲੰਡਰ ਸਾਲ 2021 ਦੌਰਾਨ ਖੋਜ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਸਿਖਰਲੇ ਵਿਗਿਆਨੀਆਂ ਦੀ ਸੂਚੀ ਨਾਲ ਸਬੰਧਤ ਗਲੋਬਲ ਡੇਟਾਬੇਸ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਅੱਠ ਵਿਗਿਆਨੀਆਂ ਨੂੰ ਦਰਜਾ ਦਿੱਤਾ ਗਿਆ ਹੈ। ਇਸ ਵਿੱਚ ਪ੍ਰੋ. ਵਿਨੋਦ ਕੁਮਾਰ ਗਰਗ (ਵਾਤਾਵਰਣ ਵਿਗਿਆਨ ਅਤੇ ਤਕਨਾਲੋਜੀ ਵਿਭਾਗ), ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ), ਡਾ. ਖੇਤਾਨ ਸ਼ੇਵਕਾਨੀ (ਅਪਲਾਈਡ ਐਗਰੀਕਲਚਰ ਵਿਭਾਗ), ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ), ਡਾ. ਨਾਸਿਰ ਸਲਾਮ (ਮਾਈਕਰੋਬਾਇਓਲੋਜੀ ਵਿਭਾਗ), ਡਾ. ਅੰਜਨਾ ਬਾਲੀ (ਫਾਰਮਾਕੋਲੋਜੀ ਵਿਭਾਗ), ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) ਅਤੇ ਡਾ. ਰਣਧੀਰ ਸਿੰਘ (ਫਾਰਮਾਕੋਲੋਜੀ ਵਿਭਾਗ) ਦੇ ਨਾਮ ਸ਼ਾਮਿਲ ਹਨ। ਉੱਪਰੋਕਤ ਅਧਿਆਪਕਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਲਈ ਇਸ ਡੇਟਾਬੇਸ ਵਿੱਚ ਸੂਚੀਬੱਧ ਕੀਤਾ ਗਿਆ ਹੈ।