ਪੱਤਰ ਪ੍ਰੇਰਕ
ਬਠਿੰਡਾ, 2 ਮਾਰਚ
ਜ਼ਿਲ੍ਹਾ ਬਠਿੰਡਾ ਵਿੱਚ ਸਹਿਕਾਰਤਾ ਵਿਭਾਗ ਦੇ ਅਜਿਹੇ 193 ਕਮਾਊ ਪੁੱਤ ਹਨ ਜਿਨ੍ਹਾਂ ਨੂੰ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਵਜੋਂ ਵੀ ਜਾਣਿਆ ਜਾਂਦਾ ਹੈ ਉਹ ਅਦਾਰੇ ਵਿਭਾਗੀ ਅਫ਼ਸਰਾਂ ਦੀ ਛਤਰ ਛਾਇਆ ਤੋਂ ਬਿਨਾਂ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਕੋਆਪ੍ਰੇਟਿਵ ਵਿਭਾਗ ਦੇ ਬਠਿੰਡਾ, ਰਾਮਪੁਰਾ ਫੂਲ, ਤਲਵੰਡੀ ਸਾਬੋ, ਤਿੰਨ ਬਲਾਕ ਹਨ। ਇਨ੍ਹਾਂ ਤਿੰਨਾਂ ਬਲਾਕਾਂ ਵਿਚ ਅਸਿਸਟੈਂਟ ਰਜਿਸਟਰਾਰ ਦੀਆਂ ਅਸਾਮੀਆਂ ਖਾਲੀ ਹਨ। ਇੱਥੇ ਹੀ ਬੱਸ ਨਹੀਂ ਜ਼ਿਲ੍ਹੇ ਦੇ ਡਿਪਟੀ ਰਜਿਸਟਾਰ ਗੁਰਵੀਰ ਸਿੰਘ ਢਿੱਲੋਂ ਦੀ ਚੋਣ ਅਰਸੇ ਦੌਰਾਨ ਹੋਈ ਬਦਲੀ ਤੋਂ ਬਾਅਦ ਰਜਿਸਟਰਾਰ ਦੀ ਕੁਰਸੀ ਵੀ ਖਾਲੀ ਹੈ।
ਸੂਤਰਾਂ ਦਾ ਕਹਿਣਾ ਹੈ ਜ਼ਿਲ੍ਹੇ ਅੰਦਰ ਕੰਮ ਕਰਦੀਆਂ 193 ਦੇ ਕਰੀਬ ਸਹਿਕਾਰੀ ਸਭਾਵਾਂ ਦਾ ਕੰਮ ਪਟੜੀ ਤੋਂ ਲਹਿ ਗਿਆ ਹੈ। ਵੱਖ-ਵੱਖ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨੇ ਦੱਸਿਆ ਕਿ ਅਜੇ ਆਫ਼ ਸੀਜ਼ਨ ਚੱਲ ਰਿਹਾ ਹੈ ਫੇਰ ਵੀ ਥੋੜ੍ਹੀਆਂ ਬਹੁਤੀਆਂ ਦੁਸ਼ਵਾਰੀਆਂ ਨਾਲ ਦੋ ਚਾਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਵਿਭਾਗੀ ਕੰਮ ਪੈਂਡਿੰਗ ਪਏ ਹਨ। ਇਥੇ ਹੀ ਬੱਸ ਨਹੀਂ ਜਿੱਥੇ ਕਰਮਚਾਰੀ ਪ੍ਰੇਸ਼ਾਨ ਹਨ ਉਥੇ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਜਾਣ ਬੁੱਝ ਕੇ ਲੋਕ ਅਦਾਰਿਆਂ ਦਾ ਭੋਗ ਪਾਉਣ ’ਤੇ ਤੁਲੀਆਂ ਹੋਈਆਂ ਹਨ। ਉਨ੍ਹਾਂ ਕਿਹਾ ਮੁਲਾਜ਼ਮਾਂ ਦੀ ਸੇਵਾਮੁਕਤੀ ਤੋਂ ਬਾਅਦ ਉਨ੍ਹਾਂ ਦੀ ਨਵੀਂ ਭਰਤੀ ਨਾ ਕਰਨਾ ਜਾਂ ਖਾਲੀ ਅਸਾਮੀ ’ਤੇ ਪੋਸਟ ਨਾ ਭਰਨਾ ਇਹ ਅਸਿੱਧੇ ਰੂਪ ਵਿੱਚ ਨਿੱਜੀਕਰਨ ਵਾਲੀ ਕੜੀ ਦਾ ਇਕ ਹਿੱਸਾ ਹੈ। ਕੋਆਪ੍ਰੇਟਿਵ ਸੁਸਾਇਟੀ ਦੇ ਸੈਕਟਰੀ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਅਫ਼ਸਰਸ਼ਾਹੀ ਨਾ ਹੋਣ ਕਾਰਨ ਕਈ ਵਾਰ ਸਾਨੂੰ ਕੋਆਪ੍ਰੇਟਿਵ ਬੈਂਕਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣਾ ਪੈਂਦਾ ਹੈ ਉਨ੍ਹਾਂ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਖਾਦ ਨੂੰ ਵੀ ਸਟਾਕ ਕਰਨਾ ਹੈ ਜੋ ਕੰਮ ਅਫ਼ਸਰਸ਼ਾਹੀ ਤੋਂ ਬਿਨਾਂ ਸੰਭਵ ਨਹੀਂ। ਉਨ੍ਹਾਂ ਮੰਗ ਕੀਤੀ ਕਿ ਤਿੰਨਾਂ ਬਲਾਕਾਂ ਵਿਚ ਏ.ਆਰ ਅਤੇ ਜ਼ਿਲ੍ਹੇ ਵਿੱਚ ਡਿਪਟੀ ਰਜਿਸਟਰਾਰ ਦੀਆਂ ਖਾਲੀ ਪਈਆਂ ਕੁਰਸੀਆਂ ’ਤੇ ਅਧਿਕਾਰੀ ਤਾਇਨਾਤ ਕੀਤੇ ਜਾਣ। ਉਧਰ ਸਹਿਕਾਰੀ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲੋ ਦਾ ਕਹਿਣਾ ਹੈ ਕਿ ਭਾਵੇਂ ਇਕ ਮਹੀਨਾ ਸੀਜ਼ਨ ਆਫ ਹੈ ਪਰ ਚੌਥੇ ਮਹੀਨੇ ਦੌਰਾਨ ਵਿਭਾਗੀ ਅਫਸਰਾਂ ਦੀ ਲੋੜ ਪਏਗੀ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਆਉਣ ਤਕ ਅਫ਼ਸਰਾਂ ਦੀ ਤਾਇਨਾਤੀ ਦੂਰ ਦੀ ਗੱਲ ਜਾਪਦੀ ਹੈ।
ਕੀ ਕਹਿੰਦੇ ਨੇ ਡਿਪਟੀ ਕਮਿਸ਼ਨਰ
ਇਸ ਸਬੰਧੀ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕੇ ਖਾਲੀ ਪਈਆਂ ਪੋਸਟਾਂ ਸਰਕਾਰ ਨੇ ਭਰਨੀਆਂ ਹਨ ਪਰ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਡਿਪਟੀ ਕਮਿਸ਼ਨਰ ਦਫਤਰ ਨਾਲ ਰਾਬਤਾ ਕਾਇਮ ਕਰ ਸਕਦਾ ਹੈ।