ਮਨੋਜ ਸ਼ਰਮਾ
ਬਠਿੰਡਾ, 4 ਅਕਤੂਬਰ
ਸ਼ਹਿਰ ’ਚ ਸਥਿਤ ਪੁਰਾਣੇ ਮੁਹੱਲੇ ’ਚ ਵਾਟਰ ਸਪਲਾਈ ਵਿਭਾਗ ਵੱਲੋਂ ਗਲੀਆਂ ਅਤੇ ਮੁੱਖ ਸੜਕ ਪੁੱਟ ਕੇ ਪਾਣੀ ਵਾਲੀਆਂ ਪਾਈਪਾਂ ਪਾਈਆਂ ਨੂੰ ਕਰੀਬ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਵਿਭਾਗ ਨੇ ਪਾਈਪਾਂ ਪਾਉਣ ਤੋਂ ਬਾਅਦ ਮਿੱਟੀ ਪੱਧਰੀ ਕਰ ਕੇ ਰਾਹਗੀਰਾਂ ਨੂੰ ਠੀਕ ਰਸਤਾ ਬਣਾ ਕੇ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ, ਜਿਸ ਕਾਰਨ ਹੁਣ ਇਸ ਖੇਤਰ ’ਚੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਗੁਰੂ ਨਾਨਕ ਪੁਰਾ ਮੁਹੱਲੇ ਦੇ ਵਸਨੀਕ ਅਤੇ ਇਸ ਖੇਤਰ ’ਚੋਂ ਲੰਘਣ ਵਾਲੇ ਰਾਹਗੀਰ ਬੜੇ ਪ੍ਰੇਸ਼ਾਨ ਹਨ ਕਿਉਂਕਿ ਕਰੀਬ ਇੱਕ ਮਹੀਨਾ ਪਹਿਲਾਂ ਵਾਟਰ ਸਪਲਾਈ ਵਿਭਾਗ ਦੇ ਠੇਕੇਦਾਰਾਂ ਨੇ ਇਸ ਖੇਤਰ ਵਿਚ ਪਾਣੀ ਵਾਲੀਆਂ ਪਾਈਆਂ ਪਾਈਆਂ ਹਨ। ਕਾਮਿਆਂ ਨੇ ਸੜਕਾਂ, ਗਲੀਆਂ ਦੀ ਪੁਟਾਈ ਕੀਤੀ ਅਤੇ ਪਾਈਪਾਂ ਪਾ ਕੇ ਪੁੱਟੀ ਜ਼ਮੀਨ ਵਿਚ ਮਿੱਟੀ ਪੂਰ ਦਿੱਤੀ। ਇੱਥੋਂ ਤੱਕ ਜਿਨ੍ਹਾਂ ਗਲੀਆਂ ’ਚੋਂ ਲੋਕ ਟਾਈਲਾਂ ਪੁੱਟੀਆਂ ਸਨ, ਉਹ ਵੀ ਮੁੜ ਲਾਉਣੀਆਂ ਜ਼ਰੂਰੀ ਨਹੀਂ ਸਮਝੀਆਂ। ਇੱਥੇ ਦੱਸਣਾ ਬਣਦਾ ਹੈ ਕਿ ਸਰਕਾਰੀ ਰਾਜਿੰਦਰਾ ਕਾਲਜ ਦੇ ਪਾਸੇ ਲੱਗਦੇ ਖੇਤਰ ਵਾਸੀ ਵੀ ਅਜਿਹੀ ਹੀ ਸਮੱਸਿਆ ਵਿਚੋਂ ਲੰਘ ਰਹੇ ਹਨ।