ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 29 ਸਤੰਬਰ
ਜ਼ਿਲ੍ਹਾ ਤੇ ਸ਼ੈਸਨਜ਼ ਜੱਜ ਸੁਮੀਤ ਮਲਹੋਤਰਾ ਅਤੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਸਥਾਨਕ ਜ਼ਨਾਨਾ ਜੇਲ੍ਹ ਦਾ ਦੌਰਾ ਕਰ ਕੇ ਅੰਦਰੂਨੀ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਜੇਲ੍ਹ ਵਿੱਚ ਬਣਾਏ ਗਏ ਛੋਟੇ ਬੱਚਿਆਂ ਲਈ ਕਰੈੱਚ ਸੈਂਟਰ ਦਾ ਉਦਘਾਟਨ ਵੀ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਜੇਲ੍ਹ ਅੰਦਰ ਕਰੈੱਚ ਸੈਂਟਰ ਤੋਂ ਇਲਾਵਾ ਬੱਚਿਆਂ ਦੇ ਖੇਡਣ ਲਈ ਖਿਡੌਣੇ ਵੀ ਮੁਹੱਈਆ ਕਰਵਾਏ ਗਏ। ਇਸ ਤੋਂ ਇਲਾਵਾ ਇੱਥੇ ਚੱਲ ਰਹੇ ਸਿਲਾਈ-ਕਢਾਈ ਸੈਂਟਰ ਲਈ 1-1 ਕਢਾਈ ਤੇ ਅੰਬਰੇਲਾ ਮਸ਼ੀਨ, ਸਾਫ਼ ਪੀਣ ਵਾਲੇ ਪਾਣੀ ਲਈ 4 ਆਰਓ, 2 ਸਿਲਾਈ ਵਾਲੀਆਂ ਆਮ ਮਸ਼ੀਨਾਂ ਅਤੇ ਜੇਲ੍ਹ ਵਿੱਚ ਬਣੇ ਹਸਪਤਾਲ ਲਈ 8 ਬੈੱਡਾਂ ਸਮੇਤ ਬੈਡਿੰਗ ਮਟੀਰੀਅਲ ਅਤੇ ਹੋਰ ਸਾਮਾਨ ਦਾ ਪ੍ਰਬੰਧ ਕੀਤਾ ਗਿਆ।
ਦੌਰੇ ਮੌਕੇ ਜੇਲ੍ਹ ਸੁਪਰਡੈਂਟ ਜੀ.ਐਸ ਬਰਾੜ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਦਰਸ਼ਨ ਕੁਮਾਰ ਮੌਜੂਦ ਸਨ।