ਪੱਤਰ ਪ੍ਰੇਰਕ
ਬਠਿੰਡਾ , 24 ਅਗਸਤ
ਇੱਥੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਧੋਬੀਆਣਾ ਬਸਤੀ ਬਠਿੰਡਾ ਅਤੇ ਟੀਚਰ ਹੋਮ ਬਠਿੰਡਾ ਵਿੱਚ ਕਰਵਾਏ ਗਏ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਰਮੰਦਰ ਸਿੰਘ ਬਰਾੜ ਪੁੱਜੇ। ਇਸ ਦੌਰਾਨ ਵੱਖ-ਵੱਖ ਬਲਾਕਾਂ ਦੇ ਸਲੋਗਨ, ਕੋਲਾਜ, ਲੇਖ ਰਚਨਾ, ਸੁੰਦਰ ਲਿਖਾਈ, ਪੇਟਿੰਗ, ਰੰਗੋਲੀ, ਕੋਰੀਓਗ੍ਰਾਫੀ, ਸਕਿੱਟ, ਗੀਤ, ਭਾਸ਼ਣ, ਕਵਿਤਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਲੇਖ ਰਚਨਾ ਵਿੱਚ ਪਵਨਪ੍ਰੀਤ ਸਿੰਘ ਸੰਧੂ ਖੁਰਦ ਨੇ ਪਹਿਲਾ ਅਤੇ ਬਲਾਕ ਰਾਮਪੁਰਾ ਦੇ ਰਣਵੀਰ ਸਿੰਘ ਮੰਡੀ ਕਲਾਂ ਨੇ ਦੂਜਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ਵਿੱਚ ਸੰਗੀਤਾ ਨੇ ਪਹਿਲਾ ਸਥਾਨ ਅਤੇ ਜੀਵਨਜੋਤ ਨੇ ਦੂਜਾ ਸਥਾਨ ਹਾਸਲ ਕੀਤਾ। ਸੁੰਦਰ ਲਿਖਾਈ ਵਿੱਚ ਕੋਮਲਦੀਪ ਕੌਰ ਨੇ ਪਹਿਲਾ ਮਹਿਕਦੀਪ ਕੌਰ ਨੇ ਦੂਜਾ, ਕੋਲਾਜ ਵਿੱਚ ਵਿਰੁਲ ਨੇ ਪਹਿਲਾ, ਪਰਸ ਰਾਮ ਨੇ ਦੂਜਾ ਸਥਾਨ ਹਾਸਲ ਕੀਤਾ। ਗੀਤ ਮੁਕਾਬਲੇ ਵਿੱਚ ਬਲਾਕ ਮੌੜ ਦੇ ਕਮਾਲੂ ਸਵੈਚ ਨੇ ਪਹਿਲਾ ਸਥਾਨ ਅਤੇ ਬਲਾਕ ਬਠਿੰਡਾ ਦੇ ਕੋਠੇ ਅਮਰਪੁਰਾ ਨੇ ਦੂਜਾ ਸਥਾਨ ਹਾਸਲ ਕੀਤਾ। ਕਵਿਤਾ ਮੁਕਾਬਲੇ ਵਿੱਚ ਬਲਾਕ ਰਾਮਪੁਰਾ ਦੇ ਮੰਡੀ ਕਲਾਂ ਨੇ ਪਹਿਲਾ ਸਥਾਨ ਅਤੇ ਬਲਾਕ ਬਠਿੰਡਾ ਦੇ ਸੰਜੇ ਨਗਰ ਨੇ ਦੂਜਾ ਸਥਾਨ ਹਾਸਲ ਕੀਤਾ। ਮੁਕਾਬਲਿਆਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਠਿੰਡਾ ਜ਼ਿਲ੍ਹੇ ਦੇ 7 ਬਲਾਕਾਂ ਦੇ 300 ਦੇ ਕਰੀਬ ਬੱਚਿਆਂ ਨੇ ਜ਼ਿਲ੍ਹਾ ਪੱਧਰੀ ਵਿਦਿਅਕ ਮੁਕਾਬਲਿਆਂ ਵਿੱਚ ਹਿੱਸਾ ਲਿਆ ਸੀ।