ਮਨੋਜ ਸ਼ਰਮਾ
ਬਠਿੰਡਾ, 18 ਜੂਨ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਸੂਬੇ ਵਿੱਚ ਅੱਜ ਜ਼ਿਲ੍ਹਾ ਪੱਧਰੀ ਰੋਸ ਮੁਜ਼ਾਹਰੇ ਕੀਤੇ ਗਏ। ਸੂਬੇ ਵਿੱਚ ਲੋੜਵੰਦ ਪਰਿਵਾਰਾਂ ਦੇ ਕੱਟੇ ਨੀਲੇ ਕਾਰਡਾਂ ਦੀ ਬਹਾਲੀ ਤੇ ਘੁਟਾਲਿਆਂ ਦੀ ਸੀਬੀਆਈ ਜਾਂਚ ਲਈ ਡਿਪਟੀ ਕਮਿਸ਼ਨਰਾਂ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਭੇਜੇ ਗਏ। ਬਠਿੰਡਾ ਵਿਖੇ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੀ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਜੱਥੇਬੰਦੀ ਦੇ ਸੀਨੀਅਰ ਆਗੂਆ ਵੱਲੋਂ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਸੂਬਾ ਸਰਕਾਰ ’ਤੇ ਵਰ੍ਹਦਿਆਂ ਸ੍ਰੀ ਮਲੂਕਾ ਨੇ ਕਿਹਾ ਕਿ ਕੈਪਟਨ ਸਰਕਾਰ ਘੁਟਾਲਿਆਂ ਦੀ ਸਰਕਾਰ ਬਣ ਕੇ ਰਹਿ ਗਈ ਤੇ ਨਿੱਤ ਦਿਨ ਨਵੇਂ ਘੁਟਾਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਸ਼ਰਾਬ ਘੁਟਾਲਾ, ਬੀਜ ਘੁਟਾਲਾ ਤੇ ਹੁਣ ਮਾਲ ਮੰਤਰੀ ਦੀ ਸ਼ਹਿ ਤੇ ਨੈਸ਼ਨਲ ਹਾਈਵੇ ਦੇ ਨਾਲ ਲੱਗਦੀਆਂ ਜਮੀਨਾਂ ਦੀਆਂ ਤਕਰੀਬਨ 50 ਤੋਂ ਵੱਧ ਰਜਿਸਟਰੀਆਂ ਕਿਸਾਨਾਂ ਨੂੰ ਗੁਮਰਾਹ ਕਰਕੇ ਰਾਤੋ ਰਾਤ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਘੁਟਾਲਿਆਂ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸ਼ਨ ਸਿੰਘ ਕੋਟਫੱਤਾ, ਜੀਤ ਮਹਿੰਦਰ ਸਿੱਧੂ, ਭਾਰਤੀ ਜੰਨਤਾ ਪਾਰਟੀ ਦੇ ਮੀਤ ਪ੍ਰਧਾਨ ਦਿਆਲ ਸਿੰਘ ਸੋਢੀ, ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਤੇ ਵਿਨੋਦ ਗੁਪਤਾ ਨੇ ਵੀ ਲੋਕ ਮੁੱਦਿਆਂ ਨੁੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ।
ਫਰੀਦਕੋਟ (ਜਸਵੰਤ ਜੱਸ): ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਰੋਸ ਧਰਨਾ ਦੇ ਕੇ ਦੋਸ਼ ਲਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਸਿਆਸੀ ਰੰਜਿਸ਼ ਕਰਕੇ ਪਿੰਡਾਂ ਵਿੱਚ ਨੀਲੇ ਕਾਰਡਾਂ ਨੂੰ ਰੱਦ ਕਰ ਰਹੀ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ, ਅਕਾਲੀ ਦਲ ਦੇ ਜਿਲਾ ਪ੍ਰਧਾਨ ਮਨਤਾਰ ਸਿੰਘ ਬਰਾੜ, ਅਕਾਲੀ ਆਗੂ ਸਤੀਸ਼ ਗਰੋਵਰ, ਹਰਕੀਰਤ ਸਿੰਘ ਗਿੱਲ, ਗੁਰਕੰਵਲ ਸਿੰਘ ਸੰਧੂ, ਸੂਬਾ ਸਿੰਘ ਬਾਦਲ, ਗੁਰਮੀਤ ਸਿੰਘ ਸੰਧੂ ਅਤੇ ਮੋਹਨ ਸਿੰਘ ਮੱਤਾ ਨੇ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਜ਼ਿਲ੍ਹਾ ਸਕੱਤਰੇਤ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀਆਂ ਦੇ ਕਥਿਤ ਇਸ਼ਾਰੇ ’ਤੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਾਉਣ ਲਈ ਸੰਕੇਤਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੂਬੇ ’ਚ ਲੌਕਡਾਊਨ ਦੌਰਾਨ ਲੋੜਵੰਦਾਂ ਨੂੰ ਵੰਡੇ ਗਏ ਕੇਂਦਰੀ ਸਕੀਮ ਦੇ ਅਨਾਜ ਅਤੇ ਰਾਜ ’ਚ ਸ਼ਰਾਬ ਅਤੇ ਬੀਜ਼ ਘੁਟਾਲੇ ਦੀ ਸੀਬੀਆਈ ਜਾਂਚ ਮੰਗੀ। ਇਸ ਮੌਕੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਤੇ ਹਲਕਾ ਇੰਚਾਰਜ਼ ਬਰਜਿੰਦਰ ਸਿੰਘ ਮੱਖਣ ਬਰਾੜ, ਪਾਰਟੀ ਦੇ ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਭਾਜਪਾ ਜਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ।
ਬਰਨਾਲਾ (ਰਵਿੰਦਰ ਰਵੀ): ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ‘ਚ ਭਾਜਪਾ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ’ਚ ਬਰਨਾਲਾ ਹਲਕੇ ਤੋਂ ਅਕਾਲੀ ਦਲ ਤੇ ਭਾਜਪਾ ਆਗੂਆਂ ਤੇ ਵਰਕਰਾਂ ਦੀ ਨਾਮਾਤਰ ਹੋਈ ਸ਼ਮੂਲੀਅਤ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਰੋਸ ਧਰਨੇ ਨੂੰ ਹਲਕਾ ਭਦੌੜ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਸੰਬੋਧਨ ਕੀਤਾ। ਇਸ ਸਬੰਧੀ ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਰਾਹੀਂ ਰਾਜਪਾਲ ਨੂੰ ਭੇਜਿਆ ਗਿਆ। ਰੋਸ ਪ੍ਰਦਰਸ਼ਨ ਨੂੰ ਭਾਜਪਾ ਦੇ ਸੀਨੀਅਰ ਆਗੂ ਰਘਵੀਰ ਪ੍ਰਕਾਸ ਨਰਿੰਦਰ ਨੀਟਾਪ੍ਰੇਮ ਪ੍ਰੀਤਮ ਜਿੰਦਲ ਸਿਵ ਸਿੰਗਲਾ ਕੁਲਵੰਤ ਸਿੰਘ ਬਲਵੀਰ ਸਿੰਘ ਘੁੰਨਸ ਸੰਜੀਵ ਸ਼ੋਰੀ ਤੋਂ ਇਲਾਵਾ ਕਈ ਹੋਰ ਆਗੂ ਵੀ ਮੌਜੂਦ ਸਨ।