ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 11 ਜਨਵਰੀ
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਰੁਪਿੰਦਰ ਕੌਰ ਰੂਬੀ ਅਤੇ ਪ੍ਰੋ. ਬਲਜਿੰਦਰ ਕੌਰ ਨੇ ਮੋਦੀ ਸਰਕਾਰ ’ਤੇ ਤਾਨਾਸ਼ਾਹ ਢੰਗ ਨਾਲ ਹਕੂਮਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਤਾਨਸ਼ਾਹੀ ਹੀ ਸਰਕਾਰ ਦਾ ਭੋਗ ਪੈਣ ਦਾ ਸਬੱਬ ਬਣੇਗੀ।
ਉਨ੍ਹਾਂ ਕਿਹਾ ਕਿ ਇਸ ਵਾਰ ਲੋਹੜੀ ਦਾ ਤਿਓਹਾਰ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸਮਰਪਿਤ ਕਰਕੇ ਲੋਹੜੀ ਦੀ ਅੱਗ ’ਚ ਕਾਲੇ ਕਾਨੂੰਨ ਸਾੜੇ ਜਾਣਗੇ। ਇਥੇ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਲੋਹੜੀ ਵਾਲੀ ਸ਼ਾਮ ਪਾਰਟੀ ਦੇ ਵਾਲੰਟੀਅਰਾਂ ਵੱਲੋਂ ਪਿੰਡਾਂ, ਸ਼ਹਿਰਾਂ ਅੰਦਰ ਦਲਿੱਦਰ ਰੂਪੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਜਾਵੇਗੀ ਅਤੇ ਇਸ ਪ੍ਰਦਰਸ਼ਨ ਵਿਚ ਆਮ ਲੋਕ ਵੀ ਵੱਧ ਚੜ ਕੇ ਸ਼ਾਮਿਲ ਹੋਣ। ਉਨਾਂ ਮੰਗ ਕੀਤੀ ਕਿ ਦੇਸ਼ ਦੇ ‘ਹੈਂਕੜਬਾਜ਼’ ਪ੍ਰਧਾਨ ਮੰਤਰੀ ਨੂੰ ਤੁਰੰਤ ਖੇਤੀ ਕਾਨੂੰਨ ਰੱਦ ਕਰ ਕੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਨਵਦੀਪ ਜੀਦਾ, ਗੁਰਜੰਟ ਸਿਵੀਆਂ, ਰਾਕੇਸ਼ ਪੁਰੀ, ਐਮਐਲ ਜਿੰਦਲ, ਵਿਕਰਮ ਲਵਲੀ, ਸੁਖਵੀਰ ਬਰਾੜ, ਬਲਕਾਰ ਸਿੰਘ ਭੋਖੜਾ, ਬਲਜਿੰਦਰ ਸਿੰਘ, ਅੰਮਿ੍ਰਤ ਅਗਰਵਾਲ, ਅਨਿਲ ਠਾਕੁਰ, ਅਮਰਦੀਪ ਰਾਜਨ, ਗੋਬਿੰਦਰ ਬਰਾੜ, ਜਤਿੰਦਰ ਭੱਲਾ ਆਦਿ ਹਾਜ਼ਰ ਸਨ।
ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੇਗੀ ‘ਆਪ’: ਮਨਜੀਤ ਸਿੰਘ ਬਿੱਟੀ
ਭਾਈਰੂਪਾ (ਅਵਤਾਰ ਸਿੰਘ ਧਾਲੀਵਾਲ): ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਸੀਨੀਅਰ ਆਗੂ ਬਲਜਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਭਾਈਰੂਪਾ ਵਿੱਚ ਹੋਈ, ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਸ਼ਾਮਲ ਹੋਏ। ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਬਿੱਟੀ ਸੇਲਬਰਾਹੀਆਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਲੋਹੜੀ ਦੇ ਤਿਉਹਾਰ ਨੂੰ ਕਿਸਾਨਾਂ ਨੂੰ ਸਮਰਪਿਤ ਕਰਦਿਆਂ ਇਸ ਵਾਰ ਹਰ ਸ਼ਹਿਰ, ਪਿੰਡ, ਗਲੀ ਮੁਹੱਲੇ ਵਿੱਚ ਲੋਹੜੀ ਮਨਾਉਂਦਿਆ ਲੋਹੜੀ ਦੀ ਸ਼ਾਮ, ਸ਼ਹੀਦ ਕਿਸਾਨਾਂ ਦੇ ਨਾਮ ਕੀਤੀ ਜਾਵੇਗੀ ਤੇ ਲੋਹੜੀ ਤੇ ਪੁਰਾਤਨ ਰਵਾਇਤ ਅਨੁਸਾਰ ਇਸ ਵਾਰ ਦਲਿੱਦਰ ਰੂਪੀ ਕਾਲੇ ਕਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।