ਸ਼ਗਨ ਕਟਾਰੀਆ
ਬਠਿੰਡਾ, 14 ਜੂਨ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਬਠਿੰਡਾ ਸ਼ਹਿਰ ਦਾ ਦੂਜੇ ਦਿਨ ਦੌਰਾ ਕੀਤਾ। ਉਨ੍ਹਾਂ ਜਿੱਥੇ ਸ਼ਹਿਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਉੱਥੇ ਹੀ ਕਾਂਗਰਸੀ ਵਰਕਰਾਂ ਨਾਲ ਮੇਲ ਮਿਲਾਪ ਵੀ ਕੀਤਾ। ਉਨ੍ਹਾਂ ਸ਼ਹਿਰ ਅੰਦਰ ਕਾਂਗਰਸੀ ਵਰਕਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਕਰੋਨਾ ਕਾਰਨ ਇਸ ਦੁਨੀਆਂ ਤੋਂ ਚਲੇ ਗਏ ਲੋਕਾਂ ਦੇ ਘਰ ਜਾ ਕੇ ਦੁੱਖ ਪ੍ਰਗਟਾਇਆ। ਉਨ੍ਹਾਂ ਆਪਣਾ ਇਹ ਦੌਰਾ ਮਾਡਲ ਟਾਊਨ ਫੇਜ਼ 3 ਵਿੱਚ ਕਾਂਗਰਸੀ ਆਗੂ ਸੁਰਿੰਦਰ ਗੁਪਤਾ ਦੇ ਘਰ ਤੋਂ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਹ ਭਾਗੂ ਰੋਡ ਗਲੀ ਨੰਬਰ 18 ਵਿੱਚ ਪ੍ਰਿਥੀਪਾਲ ਸਿੰਘ ਜਲਾਲ ਦੇ ਘਰ ਗਏ ਅਤੇ ਮਾਸਟਰ ਹਰਮੰਦਰ ਸਿੰਘ ਡਿਪਟੀ ਮੇਅਰ ਦੇ ਘਰ ਪੁੱਜ ਕੇ ਉਨ੍ਹਾਂ ਨਾਲ ਵੀ ਗੱਲਬਾਤ ਕੀਤੀ। ਇਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਨਗਰ, ਮਾਤਾ ਜੀਵੀ ਨਗਰ, ਜੋਗੀ ਨਗਰ, ਲਹਿਰਾ ਕਲੋਨੀ ਗਲੀ, ਅਰਜਨ ਨਗਰ, ਹਰੀ ਨਗਰ ਅਤੇ ਬੀੜ ਰੋਡ ਸਥਿਤ ਕਰਨ ਸਿੱਧੂ ਦੇ ਘਰ ਵੀ ਗਏ।
ਇਸ ਮੌਕੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਸ਼ਹਿਰ ਅੰਦਰ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਹਿੰਦੇ ਵਿਕਾਸ ਕਾਰਜ ਵੀ ਜਲਦੀ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਸਕੂਲ ਵਿੱਚ ਬਣਿਆ ਬਠਿੰਡਾ ਦਾ ਕੋਵਿਡ ਸੈਂਟਰ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ, ਜਿੱਥੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਜੈਜੀਤ ਸਿੰਘ ਜੌਹਲ ਨੇ ਦੱਸਿਆ ਕਿ ਮੰਗਲਵਾਰ ਨੂੰ ਵੀ ਵਿੱਤ ਮੰਤਰੀ ਬਠਿੰਡਾ ਵਿੱਚ ਹੀ ਰਹਿ ਕੇ ਲੋਕਾਂ ਨੂੰ ਮਿਲਣਗੇ। ਇਸ ਮੌਕੇ ਅਰੁਣ ਵਧਾਵਨ, ਕੇ ਕੇ ਅਗਰਵਾਲ, ਮੇਅਰ ਰਮਨ ਗੋਇਲ, ਬਲਜਿੰਦਰ ਠੇਕੇਦਾਰ, ਪਵਨ ਮਾਨੀ, ਰਾਜਨ ਗਰਗ, ਰਜਿੰਦਰ ਸਿੰਘ ਤੇ ਆਤਮਾ ਸਿੰਘ ਹਾਜ਼ਰ ਸਨ।