ਪੱਤਰ ਪ੍ਰੇਰਕ
ਬਠਿੰਡਾ, 28 ਅਕਤੂਬਰ
ਇਥੋਂ ਦੇ ਮਿਨੀ ਚਿੜੀਆਘਰ ਕਮ ਡੀਅਰ ਸਫਾਰੀ ਵਿਚ ਚੰਦਨ ਦੇ ਪੌਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਸਤੰਬਰ ਮਹੀਨੇ ਦੇ ਅਖੀਰਲੇ ਦਿਨਾਂ ਦਾ ਦੱਸਿਆ ਜਾ ਰਿਹੈ ਜਿਸ ਨੂੰ ਲੈ ਕੇ ਜੰਗਲਾਤ ਵਿਭਾਗ ਦੇ ਅਫ਼ਸਰਾਂ ਵੱਲੋਂ ਚਿੜੀਆਘਰ ਦੇ ਮੇਨ ਗੇਟ ’ਤੇ ਰਾਤ ਦੇ ਚੌਕੀਦਾਰਾਂ ਨੂੰ ਕਾਰਨ ਦੱਸੋ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਬਠਿੰਡਾ ਚਿੜੀਆਘਰ ਕਮ ਡੀਅਰ ਸਫਾਰੀ ਨੂੰ ਚਾਰ ਚੁਫ਼ੇਰੇ ਸੁਰੱਖਿਅਤ ਮਜ਼ਬੂਤ ਕੰਧ ਅਤੇ ਕੰਡਿਆਲੀ ਤਾਰ ਲੱਗੀ ਹੋਈ ਹੈ, ਬਾਵਜੂਦ ਇਸ ਦੇ ਚੰਦਨ ਦੇ ਪੌਦੇ ਚੋਰੀ ਕਰ ਲਏ ਗਏ। ਇਸ ਸਬੰਧੀ ਜਦੋਂ ਵਿਭਾਗ ਦੇ ਵਣ ਰੇਂਜ ਅਫਸਰ ਪਵਨ ਸ੍ਰੀਧਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਵੇਰ ਵੇਲੇ ਉਸ ਸਮੇਂ ਪਤਾ ਲੱਗਿਆ ਜਦੋਂ ਦਿਨ ਵੇਲੇ ਦੀ ਸੁਰੱਖਿਆ ਗਾਰਡ ਸਰਬਜੀਤ ਕੌਰ ਨੇ ਡਿਊਟੀ ਸਾਂਭਣ ਮੌਕੇ ਚੰਦਨ ਦੇ ਪੌਦੇ ਚੋਰੀ ਹੋਣ ਬਾਰੇ ਦੱਸਿਆ ਗਿਆ।
ਵਣ ਰੇਂਜ ਅਫਸਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਨੂੰ ਡੀਐਫਐਸਓ ਸਵਰਨ ਸਿੰਘ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਅਤੇ ਉਕਤ ਤਿੰਨੋਂ ਗੇਟ ਉੱਪਰ ਤਾਇਨਾਤ ਬੇਲਦਾਰ ਵਿਜੇ ਕੁਮਾਰ, ਬੇਲਦਾਰ ਰਾਮ ਕੁਮਾਰ ਅਤੇ ਵਣ ਗਾਰਡ ਰਾਜਕਮਾਰ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ ਕਿ ਉਹ ਸੱਤ ਦਿਨਾ ਵਿੱਚ ਸਪੱਸ਼ਟੀਕਰਨ ਦੇਣ ਕਿ ਪੌਦੇ ਚੋਰੀ ਹੋਣ ਦੀ ਘਟਨਾ ਰਾਤ ਵੇਲੇ ਵਾਪਰਨ ਦਾ ਪਤਾ ਹੋਣ ਦੇ ਬਾਵਜੂਦ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।