ਬਠਿੰਡਾ (ਮਨੋਜ ਸ਼ਰਮਾ): ਬਠਿੰਡਾ ’ਚ ਕਰੋਨਾਵਾਇਰਸ ਤੋਂ ਬਾਅਦ ਹੁਣ ਡੇਂਗੂ ਅਤੇ ਮਲੇਰੀਆ ਨੇ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬਠਿੰਡਾ ਸ਼ਹਿਰ ਅਤੇ ਆਸ ਪਾਸ ਦੀਆਂ ਮੰਡੀਆਂ ’ਚ 376 ਮਰੀਜ਼ ਡੇਂਗੂ ਦੇ ਸਾਹਮਣੇ ਆਏ ਹਨ। ਬਠਿੰਡਾ ਸ਼ਹਿਰ ’ਚ 316 ਮਰੀਜ਼ ਹਨ। ਜਦੋਂ ਕਿ 60 ਮਰੀਜ਼ ਪੇਂਡੂ ਖੇਤਰ ਨਾਲ ਸੰਬਿਧਤ ਹਨ। ਇੱਕ ਮੈਡੀਕਲ ਮਾਹਿਰ ਅਨੁਸਾਰ ਇਸ ਵਾਰ ਡੇਂਗੂ ਦੇ ਡੰਗ ਦੇ ਵੱਖਰੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਡੇਂਗੂ ਨਾਲ ਬਰੇਨ ਹੈਮਰੇਜ ਹੋਣ ਵਾਲੇ ਮਰੀਜ਼ ਸਾਹਮਣੇ ਆਏ ਹਨ। ਭਾਵੇਂ ਸਿਹਤ ਵਿਭਾਗ ਪਿਛਲੇ ਵਰ੍ਹੇ ਨਾਲੋਂ ਘੱਟ ਮਰੀਜ਼ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਜੇਕਰ ਦੇਖਿਆ ਜਾਵੇ ਠੰਢ ਦੇ ਸ਼ੁਰੂਆਤੀ ਦੌਰ ਵਿਚ ਹੀ ਡੇਂਗੂ ਦੇ ਮਰੀਜ਼ਾਂ ਦਾ ਆਂਕੜਾ 400 ਦੇ ਨੇੜੇ ਪੁੱਜ ਚੁੱਕਾ ਹੈ। ਸਿਹਤ ਵਿਭਾਗ ਦੇ ਇੱਕ ਕਰਮਚਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਸਿਹਤ ਵਿਭਾਗ ਇਸ ਵਾਰ ਡੇਂਗੂ ਦੇ ਕੇਸਾਂ ਨੂੰ ਰੋਕਣ ਲਈ ਸ਼ੁਰੂਆਤ ਦੌਰ ਵਿਚ ਅਸਫ਼ਲ ਰਿਹਾ ਹੈ। ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦਾ ਕਹਿਣਾ ਹੈ ਇਸ ਮੌਸਮ ਵਿਚ ਡੇਂਗੂ ਕੇਸ ਹਰ ਸਾਲ ਸਾਹਮਣੇ ਆਉਂਦੇ ਹਨ ਅਤੇ ਇਸ ਮੌਸਮ ਵਿਚ ਡੇਂਗੂ ਦੇ ਲਾਰਵੇ ਨੂੰ ਵਧਣ ਦਾ ਮੌਕਾ ਮਿਲਦਾ ਹੈ ਪਰ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ ’ਤੇ ਮੁਹਿੰਮ ਜਾਰੀ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਹਾਲੇ ਤੱਕ ਡੇਂਗੂ ਨਾਲ ਕੋਈ ਮੌਤ ਨਹੀਂ ਹੋਈ।