ਸ਼ਗਨ ਕਟਾਰੀਆ
ਬਠਿੰਡਾ, 8 ਮਈ
‘ਅੱਛੇ ਦਿਨਾਂ’ ਤੋਂ ਤੰਗ ਆਏ ਲੋਕ ਹੁਣ ਸਰਕਾਰ ਅੱਗੇ ‘ਮਾੜੇ ਦਿਨਾਂ’ ਦੀ ਮੰਗ ਕਰ ਰਹੇ ਹਨ। ਅੰਤਾਂ ਦੀ ਮਹਿੰਗਾਈ ਦੇ ਭੰਨੇ ਲੋਕਾਂ ਨੇ ਅੱਜ ਇਥੇ ਮਾਡਲ ਟਾਊਨ ਵਿੱਚ ਸਿਰ ’ਤੇ ਰਸੋਈ ਗੈਸ ਸਿਲੰਡਰ ਚੁੱਕ ਕੇ ਅਤੇ ਖਾਲੀ ਭਾਂਡੇ ਖੜਕਾ ਕੇ ਰੋੋਸ ਵਿਖਾਵਾ ਕੀਤਾ।
ਪ੍ਰਦਰਸ਼ਨਕਾਰੀਆਂ ’ਚ ਸ਼ਾਮਲ ਸੋਮਾ ਰਾਣੀ, ਸ਼ਮਸ਼ੇਰ ਚੰਦਰ, ਕਰਮ ਚੰਦ ਆਦਿ ਨੇ ਖੁਲਾਸਾ ਕੀਤਾ ਕਿ ਦੋ ਮਹੀਨਿਆਂ ਦੌਰਾਨ ਰਸੋਈ ਗੈਸ ਵਿੱਚ 100 ਰੁਪਏ ਦਾ ਇਜ਼ਾਫ਼ਾ ਹੋਣ ਕਾਰਨ ਦਿਹਾੜੀਦਾਰ ਪਰਿਵਾਰ ਹੁਣ ਕਿੱਲੋਆਂ ਦੇ ਹਿਸਾਬ ਨਕਦੀ ਦੇ ਕੇ ਦੁਕਾਨਾਂ ਤੋਂ ਗੈਸ ਖ਼ਰੀਦਣ ਲੱਗੇ ਹਨ। ਉਨ੍ਹਾਂ ਕਿਹਾ ਕਿ ‘ਅੱਛੇ ਦਿਨਾਂ’ ਦਾ ਸਬਜ਼ਬਾਗ ਵਿਖਾ ਕੇ ਹੋਂਦ ਵਿੱਚ ਆਈ ਕੇਂਦਰ ਦੀ ਮੋਦੀ ਸਰਕਾਰ ਨੇ ਸਰਕਾਰੀ ਫੈਕਟਰੀਆਂ, ਰੇਲਵੇ ਅਤੇ ਇੰਡੀਅਨ ਏਅਰ ਲਾਈਨਜ਼ ਤੱਕ ਨੂੰ ‘ਦਾਅ’ ’ਤੇ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਮੇਂ ਬੇਰੁਜ਼ਗਾਰੀ ਅਤੇ ਮਹਿੰਗਾਈ ਛੜੱਪੇ ਮਾਰ ਕੇ ਵਧੀ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਨੇ ਜੋ ਚਾਰ ਛਿੱਲੜ ਜੋੜੇ ਸਨ, ਉਹ ਲਾਕਡਾਊਨ ਚਟਮ ਕਰ ਗਿਆ ਹੈ ਅਤੇ ਲੋਕ ਹੁਣ ਫਾਕੇ ਕੱਟ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਰੁਜ਼ਗਾਰ ਦੀ ਦਰ ਵਧਦੀ ਅਤੇ ਮਹਿੰਗਾਈ ਦੀ ਘਟਦੀ ਨਹੀਂ, ਉਦੋਂ ਤੱਕ ਗਰੀਬ ਦੀ ਦਸ਼ਾ ਬਦਤਰ ਹੁੰਦੀ ਜਾਵੇਗੀ। ਉਨ੍ਹਾਂ ਭਾਜਪਾ ਤੋਂ ਮੰਗ ਕੀਤੀ ਕਿ ਉਹ ਉਨ੍ਹਾਂ ਦੇ ‘ਮਾੜੇ ਦਿਨ’ ਮੁੜ ਪਰਤਾ ਦੇਵੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਤੋਂ ਡੀਜ਼ਲ ਅਤੇ ਪੈਟਰੌਲ ’ਤੇ ਵੈਟ ਘਟਾਉਣ ਦੀ ਇਸ ਤਰਕ ਨਾਲ ਮੰਗ ਕੀਤੀ ਕਿ ਇਸ ਨਾਲ ਟਰਾਂਸਪੋਰਟ ਦਾ ਭਾੜਾ ਘਟੇਗਾ, ਜਿਸ ਨਾਲ ਮਹਿੰਗਾਈ ਨੂੰ ਠੱਲ੍ਹ ਪਵੇਗੀ।