ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 20 ਮਈ
ਜਨਵਾਦੀ ਇਸਤਰੀ ਸਭਾ ਜ਼ਿਲ੍ਹਾ ਬਠਿੰਡਾ ਨੇ ਅੱਜ ਇਥੇ ਫਾਇਨਾਂਸ ਕੰਪਨੀਆਂ ਦੇ ਦਫ਼ਤਰਾਂ ਅੱਗੇ ਨਾਅਰੇਬਾਜ਼ੀ ਤੋਂ ਇਲਾਵਾ ਰੋਸ ਮਾਰਚ ਕੀਤਾ। ਪੰਜਾਬ ਸਰਕਾਰ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਕਿਸਾਨਾਂ ਤੇ ਕਾਰਪੋਰੇਟਾਂ ਦੀ ਕਰਜ਼ਾ ਮੁਆਫ਼ੀ ਵਾਂਗ ਔਰਤਾਂ ਦੇ ਕਰਜ਼ਿਆਂ ’ਤੇ ਲੀਕ ਫੇਰਨ ਦੀ ਮੰਗ ਕੀਤੀ ਗਈ। ਜਥੇਬੰਦੀ ਦੀ ਪ੍ਰਧਾਨ ਦਰਸ਼ਨਾ ਜੋਸ਼ੀ ਨੇ ਫਾਇਨਾਂਸ ਕੰਪਨੀ ’ਤੇ ਆਪਣੇ ਕਰਮਚਾਰੀਆਂ ਰਾਹੀਂ ਕਰਜ਼ਈ ਔਰਤਾਂ ਨੂੰ ਡਰਾਉਣ ਅਤੇ ਘਰੋਗੀ ਸਾਮਾਨ ਚੁੱਕਣ ਲਈ ਧਮਕਾਉਣ ਦੇ ਦੋਸ਼ ਲਾਏ। ਇਸ ਦੌਰਾਨ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਮਹਿਲਾਵਾਂ ਦੇ ਕਰਜ਼ੇ ਯਕਮੁਸ਼ਤ ਮੁਆਫ ਕੀਤੇ ਜਾਣ ਅਤੇ ਫਾਇਨਾਂਸ ਕੰਪਨੀਆਂ ਨੂੰ ਮਹਿਲਾਵਾਂ ਨੂੰ ਧਮਕਾਉਣ ਤੋਂ ਰੋਕਿਆ ਜਾਵੇ। ਇਸ ਮੌਕੇ ਕ੍ਰਿਸ਼ਨਾ ਕੌਰ, ਰਣਜੀਤ ਕੌਰ, ਵੀਰਪਾਲ ਕੌਰ, ਕੁਲਦੀਪ ਕੌਰ, ਬਲਤੇਜ ਕੌਰ, ਬਲਜਿੰਦਰ ਕੌਰ, ਵੀਰਪਾਲ ਕੌਰ, ਸਵਰਨਜੀਤ ਕੌਰ ਤੋਂ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਮਿੱਠੂ ਸਿੰਘ, ਪ੍ਰਕਾਸ਼ ਸਿੰਘ ਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ।