ਪੱਤਰ ਪ੍ਰੇਰਕ
ਭੁੱਚੋ ਮੰਡੀ, 15 ਅਪਰੈਲ
ਇਥੋਂ ਦੇ ਵਾਰਡ ਨੰਬਰ 2 ਦੀ ਸੰਘਣੀ ਆਬਾਦੀ ਵਿੱਚ ਏਅਰਟੈੱਲ ਕੰਪਨੀ ਦੇ ਲਗਾਏ ਜਾ ਰਹੇ ਟਾਵਰ ਦੇ ਵਿਰੋਧ ਵਿੱਚ ਅੱਜ ਸ਼ਾਮੀਂ ਔਰਤਾਂ ਸਮੇਤ ਵਾਰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਵਾਰਡ ਵਾਸੀ ਵਿਜੇ ਕੁਮਾਰ, ਤਰਸੇਮ ਸ਼ਰਮਾ ਅਤੇ ਹਰਮੇਲ ਸਿੰਘ ਜੌੜਾ ਨੇ ਕਿਹਾ ਕਿ ਕੰਪਨੀ ਵੱਲੋਂ ਵਾਰਡ ਵਾਸੀਆਂ ਤੋਂ ਚੋਰੀ ਟਾਵਰ ਲਗਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ 5 ਜੀ ਦੀਆਂ ਤੇਜ਼ ਘਾਤਕ ਕਿਰਨਾਂ ਵਾਲਾ ਇਹ ਟਾਵਰ ਵਾਰਡ ਵਿੱਚ ਨਹੀਂ ਲੱਗਣ ਦੇਣਗੇ। ਜੇਕਰ ਕੰਪਨੀ ਨੇ ਅਜਿਹਾ ਕੀਤਾ ਤਾਂ ਉਹ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਇਸ ਦਾ ਡਟਵਾਂ ਵਿਰੋਧ ਕਰਨਗੇ। ਕੰਪਨੀ ਦਾ ਟਾਵਰ ਲਗਾਉਣ ਆਏ ਅਧਿਕਾਰੀ ਆਸ਼ੂ ਨੇ ਕਿਹਾ ਕਿ ਇਹ ਮਾਮਲਾ ਪੁਲੀਸ ਚੌਕੀ ਵਿੱਚ ਚਲੇ ਗਿਆ ਸੀ। ਵਾਰਡ ਵਾਸੀਆਂ ਅਤੇ ਪੁਲੀਸ ਦੇ ਕਹਿਣ ’ਤੇ ਟਾਵਰ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਹੈ। ਇਸ ਸਬੰਧੀ ਲੋਕਾਂ ਨੇ ਅਗਲਾ ਸੰਘਰਸ਼ ਉਲੀਕਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।