ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੁਲਾਈ
ਸਟੇਨ ਸਵਾਮੀ ਦੀ ਕਥਿਤ ਹਿਰਾਸਤੀ ਹੱਤਿਆ ਦੇ ਵਿਰੋਧ ’ਚ ਜਮਹੂਰੀ ਅਧਿਕਾਰ ਸਭਾ ਦੇ ਸੱਦੇ ’ਤੇ ਵੱਖ-ਵੱਖ ਜਮਹੂਰੀ ਸੰਗਠਨਾਂ ਵੱਲੋਂ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ। ਜਮਹੂਰੀ ਅਧਿਕਾਰ ਸਭਾ ਦੇ ਪਿ੍ਰੰ. ਬੱਗਾ ਸਿੰਘ, ਪੈ੍ਰਸ ਸਕੱਤਰ ਡਾ. ਅਜੀਤਪਾਲ ਸਿੰਘ, ਵਕੀਲ ਸੁਦੀਪ ਸਿੰਘ, ਤਰਕਸ਼ੀਲ ਸੁਸਾਇਟੀ ਦੇ ਰਣਧੀਰ ਗਿੱਲਪੱਤੀ, ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਜਸਪਾਲ ਮਾਨਖੇੜਾ, ਨੌਜਵਾਨ ਭਾਰਤ ਸਭਾ ਦੇ ਬਲਕਰਨ ਆਦਿ ਬੁਲਾਰਿਆਂ ਨੇ ਦੋਸ਼ ਲਾਇਆ ਕਿ ਫਾਦਰ ਸਟੇਨ ਸਵਾਮੀ ਦੀ ਮੌਤ ਕੁਦਰਤੀ ਮੌਤ ਨਹੀਂ ਸਗੋਂ ‘ਹੱਤਿਆ’ ਹੈ। ਉਨ੍ਹਾਂ ਕਿਹਾ ਕਿ 84 ਸਾਲ ਦੀ ਉਮਰ ਦੇ ਇਕ ਬਜ਼ੁਰਗ ਬੁੱਧੀਜੀਵੀ ਨੂੰ ਜੇਲ੍ਹ ’ਚ ਸਾੜ ਕੇ ਆਰ.ਐੱਸ.ਐੱਸ-ਭਾਜਪਾ ਸਰਕਾਰ ਵੱਲੋਂ ਉਨ੍ਹਾਂ ਦਾ ਸਿਲਸਿਲੇਵਾਰ ਤਰੀਕੇ ਨਾਲ ਕੀਤਾ ਗਿਆ ‘ਕਤਲ’ ਹੈ। ਉਨ੍ਹਾਂ ਕਿਹਾ ਕਿ ਇਹ ਤਾਉਮਰ ਦੱਬੇ ਕੁਚਲੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਜੂਝਣ ਵਾਲੀ ਨੂੰ ਇੱਕ ਚੇਤੰਨ ਸ਼ਖਸੀਅਤ ਨੂੰ ਅਨਿਆਂਕਾਰੀ ਪ੍ਰਬੰਧ ਵੱਲੋਂ ਗ਼ੈਰ ਅਦਾਲਤੀ ਤਰੀਕੇ ਨਾਲ ਦਿੱਤੀ ਗਈ ‘ਮੌਤ ਦੀ ਸਜ਼ਾ’ ਹੈ। ਇਹ ਕਤਲ ਸਾਨੂੰ ਅੰਗਰੇਜ਼ ਰਾਜ ਦੌਰਾਨ ਇਨਕਲਾਬੀ ਯੋਧੇ ਜਤਿਨ ਦਾਸ ਦੀ ਸ਼ਹਾਦਤ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਫਾਦਰ ਸਟੇਨ ਸਵਾਮੀ ਤੋਂ ਇਲਾਵਾ ਜੀ. ਐਨ ਸਾਈਂ ਬਾਬਾ, ਵਰਵਰਾ ਰਾਓ, ਸੁਧਾ ਭਾਰਦਵਾਜ, ਗੌਤਮ ਨੌਲੱਖਾ, ਪ੍ਰੋ. ਸ਼ੋਮਾ ਸੇਨ, ਵਰਨੋਨ ਗਾਨਸਾਲਵਿਸ ਵਰਗੇ 15 ਹੋਰ ਬੁੱਧੀਜੀਵੀਆਂ ਨੂੰ ਵੀ ‘ਭੀਮਾ ਕੋਰੇਗਾਓਂ ਸਾਜਿਸ਼’ ਕੇਸ ਵਿੱਚ ਫਸਾਇਆ ਗਿਆ ਹੈ।
ਸਮਾਜ ਸੇਵੀ ਬੁੱਧੀਜੀਵੀਆਂ ਵੱਲੋਂ ਸਾਂਝਾ ਮੰਚ ਉਸਾਰਨ ਦਾ ਸੱਦਾ
ਬਠਿੰਡਾ (ਪੱਤਰ ਪ੍ਰੇਰਕ) ਦੇਸ਼ ਅੰਦਰ ਕਾਲੇ ਦੌਰ ’ਚ ਵੱਧ ਰਿਹਾ ਤੂਫਾਨ ਨੂੰ ਹੁਣ ਕੋਮਲ ਜਮਾਤ ਵਜੋਂ ਗਿਣੇ ਜਾਂਦੇ ਲੇਖਕ, ਰੰਗਕਰਮੀ, ਵੀ ਸਾਂਝੇ ਮੰਚ ਉਸਾਰਨ ਦੀ ਗੱਲ ਤੇ ਜ਼ੋਰ ਦੇਣ ਲੱਗੇ ਹਨ, ਭਾਵੇਂ ਇੰਨਾਂ ਦੀ ਆਪਸੀ ਨੋਕ ਝੋਕ ਦਾ ਕੋਈ ਜਵਾਬ ਨਹੀਂ ਹੁੰਦਾ ਪਰ ਸਾਂਝਾ ਮੰਚ ਉਸਾਰ ਦੇ ਮਨਸ਼ੇ ਵਜੋਂ ਅੱਜ ਟੀਚਰਜ਼ ਹੋਮ ਬਠਿੰਡਾ ’ਚ ਬੁਲਾਈ ਗਈ ਇਕੱਤਰਤਾ ਵਿੱਚ ਪੰਜਾਬੀ ਸਾਹਿਤ ਸਭਾ ਬਠਿੰਡਾ, ਪੰਜਾਬੀ ਸਾਹਿਤ ਸਿਰਜਣਾ ਮੰਚ ਬਠਿੰਡਾ, ਸਾਹਿਤ ਸਭਿਆਚਾਰ ਮੰਚ ਬਠਿੰਡਾ ਸਾਹਿਤ ਜਾਗ੍ਰਿਤੀ ਸਭਾ ਬਠਿੰਭਾ ਤੇ ਦਮਦਮਾ ਪੰਜਾਬੀ ਸਾਹਿਤ ਸਭਾ ਤਲਵੰਡੀ ਸਾਬੋ ਦੇ ਨੁਮਾਇੰਦੇ ਜਗਦੀਸ਼ ਸਿੰਘ ਪ੍ਰਿੰਸੀਪਲ, ਅਮਰਜੀਤ ਜੀਤ, ਸੁਰਿੰਦਰਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਰਣਬੀਰ ਰਾਣਾ , ਰੇਬਤੀ ਪ੍ਰਸਾਦ, ਭੁਪਿੰਦਰ ਸੰਧੂ ਤੇ ਅਤਰਜੀਤ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਕਰਾਉਂਦਿਆਂ ਜਸਪਾਲ ਮਾਨਖੇੜਾ ਨੇ ਅੱਜ ਦੀ ਮੀਟਿੰਗ ਦਾ ਅਯੋਜਨ ਬਿਆਨ ਕੀਤਾ। ਅਤਰਜੀਤ ਨੇ ਸਾਹਿਤ ਤੇ ਕਲਾ ਦੀ ਭੂਮਿਕਾ ਬਾਰੇ ਕਿਹਾ ਕਿ ਅਸਲ ਸਾਹਿਤ ਤੇ ਕਲਾ ਉਹੀ ਹੁੰਦੀ ਹੈ ਜੋ ਜ਼ਿੰਦਗੀ ਦੀ ਤਰੱਕੀ ਲਈ ਸਿਰਜੀ ਜਾਂਦੀ ਹੈ। ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਹੁਰਾਂ ਸਾਹਿਤ ਸਭਾਵਾਂ ਦੀ ਭੂਮਿਕਾ ਤੇ ਸਾਂਝੇ ਮੰਚ ਦੀ ਉਸਾਰੀ ਬਾਰੇ ਸੁਝਾਅ ਰੱਖੇ।