ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 2 ਅਗਸਤ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ‘ਭਾਰਤ ਛੱਡੋ’ ਅੰਦੋਲਨ ਦੀ 78ਵੀਂ ਵਰ੍ਹੇਗੰਢ ਸਾਮਰਾਜੀ ਤੇ ਕਾਰਪੋਰੇਟ ਲੁੱਟ ਦੇ ਖਾਤਮੇ ਲਈ ਲੋਕ ਘੋਲ ਨੂੰ ਤਿੱਖਾ ਕਰਨ ਲਈ ‘ਸੰਕਲਪ ਦਿਵਸ’ ਵਜੋਂ ਮਨਾਏਗੀ। ਤਿਆਰੀ ਵਜੋਂ ਬਠਿੰਡਾ ਤੇ ਮਾਨਸਾ ਜ਼ਿਲ੍ਹਾ ਕਮੇਟੀਆਂ ਦੇ ਸਕੱਤਰੇਤ ਦੀ ਮੀਟਿੰਗ ਸਾਥੀ ਮਿੱਠੂ ਸਿੰਘ ਘੁੱਦਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਉਚੇਚੇ ਤੌਰ ’ਤੇ ਪੁੱਜੇ। ਜ਼ਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਸਰਦੂਲਗੜ੍ਹ ਨੇ ਦੱਸਿਆ ਕਿ ਪਾਰਟੀ ਦੀ ਕੇਂਦਰੀ ਕਮੇਟੀ ਦੇ ਸੱਦੇ ਅਨੁਸਾਰ 9 ਅਗਸਤ ਨੂੰ ‘ਭਾਰਤ ਛੱਡੋ’ ਅੰਦੋਲਨ ਦੀ ਵਰ੍ਹੇਗੰਢ ਮਨਾਈ ਜਾਵੇਗੀ। ਇਸ ਮੌਕੇ ਸੰਗਤ ਮੰਡੀ, ਨਥਾਣਾ, ਸਰਦੂਲਗੜ੍ਹ, ਤਲਵੰਡੀ ਸਾਬੋ ਕਸਬਿਆਂ ਅਤੇ ਨੇੜਲੇ ਪਿੰਡਾਂ ਵਿੱਚ ਜਨ-ਇਕੱਤਰਤਾਵਾਂ ਕੀਤੀਆਂ ਜਾਣਗੀਆਂ। ਇਨ੍ਹਾਂ ਇਕੱਤਰਤਾਵਾਂ ਵਿੱਚ ਸ਼ਾਮਲ ਹੋਣ ਵਾਲੇ ਪਾਰਟੀ ਕਾਰਕੁਨਾਂ ਅਤੇ ਆਮ ਲੋਕਾਂ ਵੱਲੋਂ ਸਾਮਰਾਜੀ ਅਤੇ ਕਾਰਪੋਰੇਟ ਲੁੱਟ ਦੇ ਖਾਤਮੇ ਅਤੇ ਭਾਰਤੀ ਹੁਕਮਰਾਨਾਂ ਵੱਲੋਂ ਹੱਕੀ ਜਨ ਸੰਘਰਸ਼ ਦਬਾਉਣ ਦੀ ਕੋਝੀ ਸਾਜਿਸ਼ ਅਧੀਨ ਘੜੇ ਗਏ ਜਾਬਰ ਕਾਨੂੰਨਾਂ ਦੇ ਖਾਤਮੇ ਲਈ ਸੰਘਰਸ਼ ਤੇਜ਼ ਕਰਨ ਦਾ ਸੰਕਲਪ ਲਿਆ ਜਾਵੇਗਾ। ਇਸ ਮੌਕੇ ਪ੍ਰਕਾਸ਼ ਸਿੰਘ ਨੰਦਗੜ੍ਹ, ਆਤਮਾ ਰਾਮ ਸਰਦੂਲਗੜ੍ਹ, ਸੰਪੂਰਨ ਸਿੰਘ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਵਿਚਾਰ ਰੱਖੇ।