ਪੱਤਰ ਪ੍ਰੇਰਕ
ਬਠਿੰਡਾ, 1 ਜੂਨ
ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਨਸ਼ਾ ਮੁਕਤ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਡੀ-ਅਡਿਕਸ਼ਨ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵਲੋਂ ਇੱਥੇ ਦਾਖ਼ਲ ਪੀੜਤ ਵਿਅਕਤੀਆਂ ਦੇ ਮਨੋਰੰਜਨ ਲਈ ਐੱਲਈਡੀ ਤੋਂ ਇਲਾਵਾ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਲਾਇਬ੍ਰੇਰੀ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਇੱਥੇ ਇਲਾਜ ਲਈ ਆਏ ਪੀੜਤ ਵਿਅਕਤੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਅਤੇ ਨਸ਼ਿਆਂ ਦੀ ਗ੍ਰਸਤ ਵਿੱਚ ਆਉਣ ਬਾਰੇ ਜਾਣਕਾਰੀ ਹਾਸਲ ਕੀਤੀ। ਇੱਥੇ ਇਲਾਜ ਲਈ ਦਾਖ਼ਲ 43 ਵਿਅਕਤੀਆਂ ’ਚ ਜ਼ਿਆਦਾਤਰ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਯਾਰਾਂ-ਦੋਸਤਾਂ ਕਰਕੇ ਨਸ਼ਿਆਂ ਦੀ ਆਦਤ ਪਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪੀੜਤਾਂ ਨੂੰ ਨਸ਼ਿਆਂ ਦੀ ਗ੍ਰਸਤ ’ਚੋਂ ਬਾਹਰ ਨਿਕਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਆਪਣੇ ਮਾਂ-ਪਿਓ, ਭੈਣ-ਭਰਾਵਾਂ ਅਤੇ ਆਪਣੇ ਖੁਦ ਦੀ ਜ਼ਿੰਦਗੀ ਦੀ ਅਹਿਮੀਅਤ ਨੂੰ ਸਮਝਦੇ ਹੋਏ, ਇਸ ਦਲਦਲ ਵਿੱਚੋਂ ਨਿਕਲਣ ਲਈ ਖੁਦ ਨੂੰ ਮਜ਼ਬੂਤ ਕਰਨ।