ਸ਼ਗਨ ਕਟਾਰੀਆ
ਬਠਿੰਡਾ, 8 ਫਰਵਰੀ
ਨਗਰ ਨਿਗਮ ਚੋਣਾਂ ’ਚ ਕਾਂਗਰਸ ਦਾ ਕਿਲਾ ਕਾਇਮ ਕਰਨ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਸਮੁੱਚਾ ਪਰਿਵਾਰ ਤਨਦੇਹੀ ਨਾਲ ਚੋਣ ਪ੍ਰਚਾਰ ਵਿੱਚ ਜੁਟਿਆ ਹੋਇਆ ਹੈ। ਅੱਜ ਲਗਪਗ ਤਿੰਨ ਦਰਜਨ ਜਨ ਸਭਾਵਾਂ ਨੂੰ ਖ਼ੁਦ ਮਨਪ੍ਰੀਤ ਬਾਦਲ, ਉਨ੍ਹਾਂ ਦੀ ਪਤਨੀ ਵੀਨੂੰ ਬਾਦਲ, ਬੇਟੇ ਅਰਜੁਨ ਬਾਦਲ ਅਤੇ ਅਰਜੁਨ ਬਾਦਲ ਦੇ ਮਾਮਾ ਜੈਜੀਤ ਸਿੰਘ ਜੌਹਲ ਨੇ ਸੰਬੋਧਨ ਕੀਤਾ।
ਇਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਬਠਿੰਡਾ ਨਗਰ ਨਿਗਮ ਵਿੱਚ ਕਾਂਗਰਸ ਦਾ ਮੇਅਰ ਬਣਿਆਂ ਲੰਮਾ ਅਰਸਾ ਹੋ ਗਿਆ ਹੈ ਅਤੇ ਇਸ ਵਾਰ ਬਠਿੰਡਾ ਦੇ ਲੋਕ ਕਾਂਗਰਸ ਦਾ ਮੇਅਰ ਬਣਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਖ਼ਜ਼ਾਨੇ ਦਾ ਮੂੰਹ ਹਮੇਸ਼ਾ ਖੁੱਲ੍ਹਾ ਰਹੇਗਾ। ਵੀਨੂੰ ਬਾਦਲ ਦਾ ਕਹਿਣਾ ਸੀ ਕਿ ਪਹਿਲੀ ਦਫ਼ਾ ਖ਼ੁਸ਼ਗਵਾਰੀ ਇਹ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਬਰਾਬਰ ਦੀ ਹਿੱਸੇਦਾਰੀ ਮਿਲੀ ਹੈ। ਅਰਜੁਨ ਬਾਦਲ ਨੇ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਤਰਜੀਹ ਦਾ ਦਾਅਵਾ ਕਰਦਿਆਂ ਵੋਟਰਾਂ ਨੂੰ ਕਾਂਗਰਸੀ ਉਮੀਦਵਾਰਾਂ ਨੂੰ ਸਫ਼ਲ ਬਣਾਉਣ ਲਈ ਅਪੀਲ ਕੀਤੀ। ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਸ਼ਹਿਰ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਵਿਕਾਸ ਕਾਰਜਾਂ ਦੇ ਨਾਲ-ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ, ਜੇਕਰ ਨਗਰ ਨਿਗਮ ਵਿੱਚ ਕਾਂਗਰਸ ਦਾ ਮੇਅਰ ਬਣਦਾ ਹੈ ਤਾਂ ਬਠਿੰਡਾ ਸ਼ਹਿਰ ਹੋਰ ਤਰੱਕੀ ਕਰੇਗਾ। ਚੋਣ ਜਲਸਿਆਂ ਵਿੱਚ ਕਾਂਗਰਸ ਦੀ ਮੁਕਾਮੀ ਲੀਡਰੀਸ਼ਿਪ ਚੋਖੀ ਤਾਦਾਦ ਵਿੱਚ ਹਾਜ਼ਰ ਸੀ।