ਸ਼ਗਨ ਕਟਾਰੀਆ
ਬਠਿੰਡਾ, 3 ਅਪਰੈਲ
ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਨੇ ਅੱਜ ਵਿਧਾਇਕ ਜਗਰੂਪ ਸਿੰਘ ਗਿੱਲ ਦੇ ਦਫ਼ਤਰ ਪਹੁੰਚ ਕੇ ਮੰਗ ਪੱਤਰ ਦਿੱਤਾ। ਕਰਮਚਾਰੀਆਂ ਨੂੰ ਪੱਕੇ ਕਰਨ ਦੀ ਮੰਗ ਵਾਲੇ ਇਸ ਪੱਤਰ ਨੂੰ ਸ੍ਰੀ ਗਿੱਲ ਦੀ ਗ਼ੈਰ-ਮੌਜੂਦਗੀ ਵਿੱਚ, ਉਨ੍ਹਾਂ ਦੀ ਰਿਹਾਇਸ਼ਗਾਹ ’ਤੇ ਮੌਜੂਦ ਹੋਰਨਾਂ ਨੇ ਹਾਸਿਲ ਕੀਤਾ। ਕਾਮਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਮੰਗਾਂ ਦੇ ਹੱਲ ਲਈ ਤਿੰਨ ਹਫ਼ਤਿਆਂ ਦੇ ਅੰਦਰ ਸੰਘਰਸ਼ ਮੋਰਚੇ ਨਾਲ ਮੀਟਿੰਗ ਤਹਿ ਕਰੇ। ਮੰਗ ਪੱਤਰ ਦੇਣ ਲਈ ਰੋਜ਼ ਗਾਰਡਨ ਅੱਗੇ ਜੁੜੇ ਠੇਕਾ ਮੁਲਾਜ਼ਮ ਮਾਰਚ ਕਰਦੇ ਹੋਏ ਵਿਧਾਇਕ ਦੇ ਟਿਕਾਣੇ ’ਤੇ ਪਹੁੰਚੇ। ਮਾਰਚ ਦੀ ਅਗਵਾਈ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ , ਸੰਦੀਪ ਖ਼ਾਨ ਅਤੇ ਹਰਜਿੰਦਰ ਬਰਾੜ ਨੇ ਕੀਤੀ। ਆਗੂਆਂ ਨੇ ਮੀਡੀਆ ਨੂੰ ਦੱਸਿਆ ਕਿ ਸਾਮਰਾਜੀ ਦਿਸ਼ਾ ਨਿਰਦੇਸ਼ਤ ਨਿੱਜੀਕਰਨ ਦੇ ਹੱਲੇ ਨੂੰ ਰੋਕਣ ਲਈ ਲੋਕਾਂ ਏਕਤਾ ਸਮੇਂ ਦੀ ਪ੍ਰਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਦੂਜੀ ਲੋੜ ਸਮੁੱਚੇ ਸਰਕਾਰੀ ਅਦਾਰਿਆਂ ਵਿੱਚ ਕੰਮ ਭਾਰ ਦੀ ਨੀਤੀ ਮੁਤਾਬਿਕ ਤੈਅ ਆਸਾਮੀਆਂ ’ਤੇ ਤਾਇਨਾਤ ਠੇਕਾ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਤੇ ਦੇਰੀ ਤੋਂ ਰੈਗੂਲਰ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਗਾਰੰਟੀ ਦੇਵੇ ਕੇ ਪੱਕੇ ਕੰਮ ਖੇਤਰ ’ਚ ਪੱਕੇ ਰੁਜ਼ਗਾਰ ਦੀ ਨੀਤੀ ਲਾਗੂ ਹੋਵੇ। ਘੱਟੋ-ਘੱਟ ਉਜਰਤ ਦੇ ਕਾਨੂੰਨ ਮੁਤਾਬਿਕ ਤਨਖਾਹ ਨਿਸ਼ਚਿਤ ਹੋਵੇ। ਬਰਾਬਰ ਕੰਮ, ਬਰਾਬਰ ਤਨਖ਼ਾਹ ਦੀ ਵਿਗਿਆਨਕ ਨਿਯਮਾਂਵਲੀ ਹੋਵੇ। ਛਾਂਟੀ ਦਾ ਅਮਲ ਰੋਕਿਆ ਜਾਵੇ ਤੇ ਡਿਊਟੀ ਦੌਰਾਨ ਵਾਪਰਨ ਵਾਲੇ ਘਾਤਕ ਅਤੇ ਗ਼ੈਰ-ਘਾਤਕ ਹਾਦਸਿਆਂ ਵਾਲੇ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਅਦਾਇਗੀ ਯਕੀਨੀ ਬਣਾਈ ਜਾਵੇ।