ਮਨੋਜ ਸ਼ਰਮਾ
ਬਠਿੰਡਾ, 19 ਜੁਲਾਈ
ਨਗਰ ਨਿਗਮ ਬਠਿੰਡਾ ਦੀ ਹਾਊਸ ਮੀਟਿੰਗ ਵਿੱਚ ਅੱਜ ਕਾਫ਼ੀ ਖੜਕਾ ਦੜਕਾ ਵੇਖਣ ਨੂੰ ਮਿਲਿਆ। ਵੱਡੀ ਗੱਲ ਇਹ ਰਹੀ ਕਿ ਨਗਰ ਨਿਗਮ ’ਤੇ ਕਾਬਜ਼ ਕਾਂਗਰਸ ਨਾਲ ਸਬੰਧਤ ਕੌਂਸਲਰਾਂ ਨੇ ਹੀ ਆਪਣੀ ਮੇਅਰ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਮੇਅਰ ਰਮਨ ਗੋਇਲ ਨੂੰ ਹਟਾਉਣ ਦੀ ਮੰਗ ਰੱਖ ਦਿੱਤੀ। ਮੀਟਿੰਗ ਵਿੱਚ ਕਾਂਗਰਸ ਦੇ ਕੌਂਸਲਰ ਵੰਡੇ ਹੋਏ ਨਜ਼ਰ ਆਏ ਜਦੋਂ ਕਿ ਵਿਰੋਧੀ ਅਕਾਲੀ ਦਲ ਦੇ ਕੌਸਲਰਾਂ ਨੇ ਚੁੱਪ ਚਾਪ ਤਮਾਸ਼ਾ ਦੇਖਿਆ ਅਤੇ ਸ਼ਹਿਰ ਦੇ ਵਿਕਾਸ ਕੰਮ ਰੁਕਣ ਦਾ ਰੋਣਾ ਵੀ ਰੋਇਆ।
ਕਾਂਗਰਸੀ ਕੌਂਸਲਰਾਂ ਨੇ ਮੇਅਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਮੇਅਰ ਆਪਣੀ ਰਸੋਈ ਘਰ ਵਿੱਚੋਂ ਬਾਹਰ ਨਿਕਲੇ ਤਾਂ ਹੀ ਸ਼ਹਿਰ ਦਾ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਵੀ ਇਸ ਮਾਮਲੇ ’ਚ ਦਖ਼ਲ ਦੇਣ ਦੀ ਮੰਗ ਰੱਖੀ। ਮੇਅਰ ਰਮਨ ਗੋਇਲ ਤੇ ਬਚਾਅ ਪੱਖ ’ਚ ਡਿਪਟੀ ਮੇਅਰ ਮਾਸਟਰ ਸੁਖਮੰਦਰ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੇ ਆਪਣੀਆਂ ਦਲੀਲਾਂ ਦਿੱਤੀਆਂ ਪਰ ਬਾਗ਼ੀ ਕੌਂਸਲਰ ਆਪਣੀ ਭੜਾਸ ਕੱਢਦੇ ਰਹੇ। ਇੱਥੇ ਹੀ ਬੱਸ ਨਹੀਂ, ਕੁਝ ਕੌਂਸਲਰਾਂ ਨੇ ਜ਼ਮੀਨ ’ਤੇ ਬੈਠ ਕੇ ਚਲ ਰਹੀ ਹਾਊਸ ਮੀਟਿੰਗ ਵਿੱਚ ਮੇਅਰ ਦਾ ਵਿਰੋਧ ਕੀਤਾ। ਮੀਟਿੰਗ ਦੌਰਾਨ ਤਕਰੀਬਨ ਦਰਜਨ ਤੋਂ ਵੱਧ ਕਾਂਗਰਸੀ ਕੌਂਸਲਰਾਂ ਵੱਲੋਂ ਬਗਾਵਤੀ ਝੰਡਾ ਚੁੱਕਣ ਨਾਲ ਮੇਅਰ ਦੀ ਕੁਰਸੀ ਖ਼ਤਰੇ ’ਚ ਨਜ਼ਰ ਆਈ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਰਮਨ ਗੋਇਲ ਨੂੰ ਮੇਅਰ ਦੀ ਕੁਰਸੀ ’ਤੇ ਬਿਠਾਇਆ ਸੀ। ਲੰਮੇ ਸਮੇਂ ਬਾਅਦ ਅੱਜ ਹੋਈ ਹਾਊਸ ਮੀਟਿੰਗ ਵਿਚ ਵੱਖ ਵੱਖ ਏਜੰਡਿਆਂ ’ਤੇ ਚਰਚਾ ਹੋਈ ਪਰ ਕੁਝ ਮਤਿਆਂ ਨੂੰ ਛੱਡ ਕੇ ਬਾਕੀ ਸਭ ਨੂੰ ਪਾਸ ਕਰ ਦਿੱਤਾ ਗਿਆ। ਪਾਸ ਹੋਏ ਮਤਿਆਂ ਵਿਚ ਜੂਨੀਅਰ ਇੰਜਨੀਅਰ ਦੀ ਪੋਸਟ ਠੇਕੇਦਾਰੀ ਸਿਸਟਮ ਵਿੱਚ ਭਰਤੀ ਕਰਨ ਦਾ ਫ਼ੈਸਲਾ ਅਤੇ ਜੇਈ ਨੂੰ ਦਿੱਤੀ ਜਾਣ ਵਾਲੀ ਤਨਖਾਹ ਸਮੇਤ ਸੱਤ ਨਵੇਂ ਸੀਐੱਨਜੀ ਟਿੱਪਰਾਂ ਅਤੇ 21 ਨਵੇਂ ਕਰਮਚਾਰੀ ਭਰਤੀ ਕਰਨ ਆਊਟਸੋਰਸਿੰਗ ਤੇ ਸਫ਼ਾਈ ਸੇਵਕ ਭਰਤੀ ਕਰਨ ਦਾ ਫ਼ੈਸਲਾ ਕੀਤਾ ਗਿਆ। ਨਿਗਮ ਦੀ ਹਾਊਸ ਮੀਟਿੰਗ ਵਿਚ 13 ਏਜੰਡੇ ਅਤੇ 17 ਸਬ ਏਜੰਡਿਆਂ ਨੂੰ ਮਨਜ਼ੂਰੀ ਲਈ ਪੇਸ਼ ਕੀਤਾ ਗਿਆ ਅਤੇ ਅਧਿਕਾਰਤ ਪ੍ਰਸਤਾਵ ਕਰਮਚਾਰੀਆਂ ਦੀ ਭਰਤੀ ਅਤੇ ਪ੍ਰਮੋਸ਼ਨ ਨੂੰ ਲੈ ਕੇ ਸਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪ੍ਰਾਪਰਟੀ ਟੈਕਸ ਇਕੱਠਾ ਕਰਨ ਲਈ ਖੇਤਰ 2 ਦੇ ਵਿਕਸਤ ਇਲਾਕੇ ਨੂੰ ਖੇਤਰ ਵਨ ਵਿੱਚ ਸ਼ਾਮਲ ਕਰਨ ਦਾ ਪ੍ਰਸਤਾਵ ਰਾਖਵਾਂ ਰੱਖ ਲਿਆ ਗਿਆ। ਸਾਲ ਵਿੱਚ 2018 ਸ਼ਹਿਰ ਦੇ ਤਕਰੀਬਨ ਅਠਾਰਾਂ ਪੁਆਇੰਟਾਂ ਨੂੰ ਪਾਰਕਿੰਗ ਠੇਕੇਦਾਰਾਂ ਵੱਲੋਂ ਵੱਧ ਚਾਰਜ ਵਸੂਲਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪਾਰਕਿੰਗ ਠੇਕੇ ਬੰਦ ਕਰ ਦਿੱਤਾ ਸੀ ਉਨ੍ਹਾਂ ਪਾਰਕਿੰਗ ਪੁਆਇੰਟਾਂ ਨੂੰ ਦੁਬਾਰਾ ਚਾਲੂ ਕਰ ਦਿੱਤਾ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਲਰਕ ਕਮ ਡੇਟਾ ਐਂਟਰੀ ਅਪਰੇਟਰ ਨੂੰ ਦੂਸਰੇ ਦਰਜੇ ਤੇ ਤੀਜੇ ਦਰਜੇ ਦੇ ਬਰਾਬਰ ਤਨਖ਼ਾਹ ਦੇਣ ਦਾ ਪ੍ਰਸਤਾਵ ਪੈਂਡਿੰਗ ਰੱਖ ਦਿੱਤਾ ਗਿਆ।