ਮਨੋਜ ਸ਼ਰਮਾ
ਬਠਿੰਡਾ, 17 ਜੁਲਾਈ
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਕਰੀਬੀ ਰਿਸ਼ਤੇਦਾਰ ਸਣੇ ਕਾਂਗਰਸ ਦਾ ਵੱਡਾ ਹਿੱਸਾ ਸਵਾਰਥੀ ਕਾਰਨਾਂ ਕਰਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਵੇਚ ਰਿਹਾ ਸੀ। ਪਾਰਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਲ ਸਰੋਤ ਵਿਭਾਗ ਵਿੱਚ ਕੰਮ ਕਰਨ ਵਾਲਿਆਂ ਦੀ ਗਿਣਤੀ ਘੱਟ ਕਰ ਕੇ 8,675 ਕਰਮਚਾਰੀ ਕੀਤੇ ਜਾਣ ਦਾ ਫ਼ੈਸਲਾ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ‘ਘਰ ਘਰ ਨੌਕਰੀ ਯੋਜਨਾ’ ਤਹਿਤ ਕੋਈ ਨੌਕਰੀ ਨਹੀਂ ਦਿੱਤੀ, ਪਰ ਜਲ ਸਰੋਤ ਵਿਭਾਗ ਦੀ ਮਨਜ਼ੂਰਸ਼ੁਦਾ ਗਿਣਤੀ 24,263 ਕਰਮਚਾਰੀਆਂ ਤੋਂ ਘਟਾ ਕੇ 15,606 ਕਰ ਦਿੱਤੀ ਗਈ।
ਪਾਰਟੀ ਨੇ ਐਲਾਨ ਕੀਤਾ ਕਿ ਉਹ ਮੁਲਾਜ਼ਮ ਵਿਰੋਧੀ ਇਸ ਫ਼ੈਸਲੇ ਦਾ ਵਿਰੋਧ ਕਰੇਗੀ।
ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਸੀਨੀਅਰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅਤੇ ਸਰੂਪ ਚੰਦ ਸਿੰਗਲਾ ਤੋਂ ਇਲਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਬਠਿੰਡਾ ਥਰਮਲ ਪਲਾਂਟ ਦੇ 1764 ਏਕੜ ਰਕਬੇ ਨੂੰ ਇੱਕ ਉਦਯੋਗਿਕ ਪਾਰਕ ਦਾ ਨਾਮ ਦਿੱਤਾ ਜਾਵੇਗਾ। ਉਨ੍ਹਾਂ ਵਿੱਤ ਮੰਤਰੀ ਨੂੰ ਸੱਠ ਵੱਡੇ ਉਦਯੋਗ ਲਿਆਉਣ ਦੇ ਵਾਅਦੇ ਦੀ ਯਾਦ ਵੀ ਦਿਵਾਈ।
ਆਗੂਆਂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2031 ਤੱਕ ਇਸ ਪਲਾਂਟ ਨੂੰ ਅਪਗ੍ਰੇਡ ਕਰਨ ਲਈ 700 ਕਰੋੜ ਰੁਪਏ ਖਰਚੇ ਸਨ। ਉਨ੍ਹਾਂ ਕਿਹਾ ਕਿ ਇਸ ਪਲਾਂਟ ਨੂੰ ਬੰਦ ਕਰਨ ਬਾਰੇ ਮਨਪ੍ਰੀਤ ਬਾਦਲ ਦੀ ਦਲੀਲਬਾਜ਼ੀ ਝੂਠੀ ਸੀ। ਆਗੂਆਂ ਨੇ ਥਰਮਲ ਪਲਾਂਟ ਦੇ ਨੌਕਰੀ ਗੁਆਉਣ ਵਾਲੇ ਕਰਮਚਾਰੀਆਂ ਨਾਲ ਇੱਕਜੁੱਟਤਾ ਪ੍ਰਗਟਾਈ।