ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਦਸੰਬਰ
ਲਾਲ ਝੰਡਾ ਪੇਂਡੂ ਚੌਕੀਦਾਰਾ ਯੂਨੀਅਨ ਪੰਜਾਬ (ਸੀਟੂ) ਵੱਲੋਂ ਅੱਜ ਇੱਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਮੰਗਾਂ ਸਬੰਧੀ ਰਾਜ ਪੱਧਰੀ ਪ੍ਰਦਰਸ਼ਨ ਕਰ ਕੇ ਮੰਗ ਪੱਤਰ ਦਿੱਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਤੇ ਜਨਰਲ ਸਕੱਤਰ ਦੇਵੀ ਦਾਸ ਮਿਆਣੀ ਨੇ ਕਿਹਾ ਕਿ ਚੋਣ ਵਾਅਦੇ ਮੁਤਾਬਿਕ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਾ ਮਾਮਲਾ ਚੌਕੀਦਾਰਾਂ ਕੋਲੋਂ ਵਾਪਸ ਲੈਣ ਬਾਰੇ ਮੰਗੀ ਪ੍ਰਵਾਨਗੀ ਵਿੱਤ ਮੰਤਰੀ ਤੁਰੰਤ ਜਾਰੀ ਕਰਨ। ਉਨ੍ਹਾਂ ਚੌਕੀਦਾਰਾਂ ਲਈ ਮਾਣ ਭੱਤਾ 2500 ਰੁਪਏ ਮਾਸਿਕ ਕੀਤੇ ਜਾਣ, ਦੋ ਸਾਲਾਨਾ ਵਰਦੀਆਂ ਤੇ ਬੂਟਾਂ ਦਿੱਤੇ ਜਾਣ, ਸਾਈਕਲ ਅਤੇ ਹਲਕਾ ਹਥਿਆਰ ਦੇਣ ਤੋਂ ਇਲਾਵਾ ਬੁਢਾਪਾ ਪੈਨਸ਼ਨ 3000 ਰੁਪਏ, 50 ਲੱਖ ਰੁਪਏ ਦਾ ਬੀਮਾ ਅਤੇ ਪਰਿਵਾਰ ਨੂੰ ਸਿਹਤ ਸਹੂਲਤਾਂ ਦੇਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਚੌਕੀਦਾਰ ਪਰਿਵਾਰਾਂ ਸਮੇਤ ਹੁਣ ਤੱਕ ਕਾਂਗਰਸ ਸਰਕਾਰਾਂ ਦੇ ਗਠਨ ਲਈ ਵੋਟਾਂ ਪਾਉਂਦੇ ਆਏ ਹਨ ਪਰ ਜੇ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ਅਗਲੀਆਂ ਚੋਣਾਂ ਵਿਚ ਖਾਲੀ ਪੀਪੇ ਖੜਕਾ ਕੇ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਯੂਨੀਅਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਹਮਦਰਦ ਹੈ ਅਤੇ ‘ਭਾਰਤ ਬੰਦ’ ਦਾ ਸਮਰਥਨ ਕਰਦੀ ਹੈ।
ਪ੍ਰਦਰਸ਼ਨ ’ਚ ਕਾਮਰੇਡ ਕੁਲਵਿੰਦਰ ਸਿੰਘ, ਕਾਮਰੇਡ ਬਲਕਾਰ ਸਿੰਘ, ਯੂਨੀਅਨ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਡੋਗਰਾ ਵਾਲਾ, ਹਰਕੀਰਤ ਸਿੰਘ, ਨੱਥਾ ਸਿੰਘ ਬੱਲ, ਹਰਦੇਵ ਸਿੰਘ ਨਿਜ਼ਾਮਪੁਰ, ਤਰਸੇਮ ਸਿੰਘ ਗਗੜਾ ਭਾਣਾ, ਜਗਦੀਸ਼ ਸਿੰਘ ਅਟਾਰੀ, ਜਸਦੇਵ ਸਿੰਘ ਜੱਸੀ, ਮਲਕੀਤ ਸਿੰਘ ਮੋਗਾ, ਕੇਵਲ ਸਿੰਘ ਜੋਗਾ, ਗਰੀਬ ਸਿੰਘ, ਜਗਦੀਸ਼ ਸਿੰਘ ਬੁਰਜ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਇਯਾਲੀ, ਜਾਗੀਰ ਸਿੰਘ ਫ਼ਤਹਿਗੜ੍ਹ ਸਾਹਿਬ, ਮਹਿੰਦਰ ਸਿੰਘ ਸੁਲਤਾਨਪੁਰ, ਜਗਦੀਸ਼ ਸਿੰਘ ਸ਼ਾਹਪੁਰ, ਮਦਨ ਲਾਲ ਤੇ ਅਮਰਨਾਥ ਆਦਿ ਨੇ ਵੀ ਸੰਬੋਧਨ ਕੀਤਾ।