ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ 11 ਯੂਨਿਟਾਂ ਦੇ ਕਰੀਬ 1800 ਕੈਮਿਸਟਾਂ ਨੇ ਅੱਜ ਤੋਂ ਥਰਮਾਮੀਟਰ, ਬੀਪੀ ਮਸ਼ੀਨ ਅਤੇ ਭਾਰ ਤੋਲਣ ਵਾਲੀਆਂ ਮਸ਼ੀਨਾਂ ਦੀ ਵਿਕਰੀ ਬੰਦ ਕਰ ਦਿੱਤੀ ਹੈ। ਦਿ ਬਠਿੰਡਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਏਆਈਓਸੀਡੀ ਦੇ ਮੈਂਬਰ ਅਸ਼ੋਕ ਬਾਲਿਆਂਵਾਲੀ ਨੇ ਆਖਿਆ ਕਿ ਕੈਮਿਸਟਾਂ ਲਈ ਬਣਾਏ ਨਵੇਂ ਕਾਨੂੰਨ ਦੀ ਉਹ ਵਿਰੋਧਤਾ ਕਰਦੇ ਹਨ ਅਤੇ ਕਿਸੇ ਵੀ ਹਾਲ ਉਹ ਲਾਇਸੈਂਸ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਕੈਮਿਸਟ ਪਹਿਲਾਂ ਹੀ ਡਰੱਗ ਐਂਡ ਕਾਸਮੈਟਿਕ ਕਾਨੂੰਨ ਅਧੀਨ ਦਵਾਈਆਂ ਦਾ ਕਾਰੋਬਾਰ ਕਰਦੇ ਹਨ ਅਤੇ ਇਸ ਲਈ ਬਾਕਾਇਦਾ ਡਰੱਗ ਵਿਭਾਗ ਵੱਲੋਂ ਲਾਇਸੈਂਸ ਲਏ ਹੋਏ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੰਜਾਬ ਸਰਕਾਰ ਨੇ ਇਸ ਸਬੰਧ ’ਚ ਸਾਰਥਕ ਫ਼ੈਸਲਾ ਨਾ ਲਿਆ ਤਾਂ ਪੰਜਾਬ ਭਰ ਦੇ ਕੈਮਿਸਟ 1 ਜੂਨ ਤੋਂ ਆਪਣੀਆਂ ਦੁਕਾਨਾਂ ਬੰਦ ਕਰ ਦੇਣਗੇ। -ਨਿੱਜੀ ਪੱਤਰ ਪ੍ਰੇਰਕ