ਸ਼ਗਨ ਕਟਾਰੀਆ
ਬਠਿੰਡਾ, 9 ਅਕਤੂਬਰ
ਨਿਯਮ ਉਲੰਘ ਕੇ ਵੱਧ ਸਵਾਰੀਆਂ ਚੜ੍ਹਾਉਣ ਵਾਲੀਆਂ ਬੱਸਾਂ ਖ਼ਿਲਾਫ਼ ਟ੍ਰੈਫ਼ਿਕ ਪੁਲੀਸ ਨੇ ਸਖ਼ਤੀ ਕੀਤੀ ਹੈ। ਦੋ ਦਿਨਾਂ ਤੋਂ ਪੁਲੀਸ ਵੱਲੋਂ ਸੜਕਾਂ ’ਤੇ ਦੌੜਦੀਆਂ ਅਜਿਹੀਆਂ ਬੱਸਾਂ ਦੇ ਚਲਾਨ ਕੱਟੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਚਲਾਨ ਅਜਿਹੀਆਂ ਬੱਸਾਂ ਦੇ ਹੀ ਕੱਟੇ ਗਏ, ਜਿਨ੍ਹਾਂ ਨੂੰ ਪਹਿਲਾਂ ਅਜਿਹੀ ਕੁਤਾਹੀ ਕਰਨ ’ਤੇ ਚਿਤਾਵਨੀ ਦੇ ਕੇ ਛੱਡਿਆ ਜਾ ਚੁੱਕਿਆ ਸੀ। ਚਿਤਾਵਨੀ ਨੂੰ ਅਣਗੌਲਿਆਂ ਕਰਕੇ ਮੁੜ ਉਲੰਘਣਾ ਕਰਨ ’ਤੇ ਟ੍ਰੈਫ਼ਿਕ ਪੁਲੀਸ ਵੱਲੋਂ ਚਲਾਨ ਕੱਟੇ ਗਏ। ਚਲਾਨ ਦੀ ਜ਼ਦ ’ਚ ਕਈ ਰਸੂਖ਼ਵਾਨ ਵੱਡੇ ਸਿਆਸੀ ਘਰਾਣਿਆਂ ਦੀਆਂ ਬੱਸਾਂ ਸ਼ਾਮਲ ਹਨ। ਟ੍ਰੈਫ਼ਿਕ ਪੁਲੀਸ ਦੇ ਇੰਚਾਰਜ ਅਮਰੀਕ ਸਿੰਘ ਸਿੱਧੂ ਨੇ ਦੱਸਿਆ ਕਿ ਨਿੱਜੀ ਟਰਾਂਸਪੋਰਟਰਾਂ ਦੀਆਂ ਪੰਜ ਯੂਨੀਅਨਾਂ ਹਨ ਅਤੇ ਓਵਰਲੋਡ ਸਵਾਰੀਆਂ ਬਾਰੇ ਉਨ੍ਹਾਂ ਨਾਲ ਪਹਿਲਾਂ ਮੀਟਿੰਗ ਵੀ ਹੋਈ ਅਤੇ ਨੋਟਿਸ ਵੀ ਭੇਜੇ ਗਏ ਸਨ ਪਰ ਇਸ ਸਭ ਕਾਸੇ ਨੂੰ ਨਜ਼ਰਅੰਦਾਜ਼ ਕਰਕੇ ਬੱਸਾਂ ਦੇ ਅੰਦਰ ਅਤੇ ਉੱਪਰ ਸਵਾਰੀਆਂ ਓਵਰਲੋਡ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਨਿਯਮ ਤੋੜਨ ਵਾਲਿਆਂ ਨੂੰ ਕਾਨੂੰਨ ਦੀ ਕਟਹਿਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਭੇਦਭਾਵ ਕੋਈ ਨਹੀਂ ਕਿਉਂਕਿ ਸਿਆਸੀ ਤੇ ਗ਼ੈਰ ਸਿਆਸੀ ਟਰਾਂਸਪੋਰਟਰ ਸਾਡੇ ਲਈ ਸਭ ਇਕ ਬਰਾਬਰ ਹਨ।