ਮਨੋਜ ਸ਼ਰਮਾ
ਬਠਿੰਡਾ, 16 ਮਈ
ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ ਕਰੀਬ ਇੱਕ ਦਹਾਕਾ ਪਹਿਲਾਂ ਬਠਿੰਡਾ ਜ਼ਿਲ੍ਹੇ ਨੂੰ ਕੇਂਦਰੀ ਯੂਨੀਵਰਸਿਟੀ ਦਿੱਤੀ ਗਈ ਸੀ, ਜਿਸ ਵਿੱਚ ਦੇਸ਼ ਵਿਦੇਸ਼ ਤੋਂ ਆ ਕੇ ਵਿਦਿਆਰਥੀ ਪੜ੍ਹਾਈ ਕਰਨ ਲੱਗੇ ਤੇ ਸ਼ਹਿਰ ਦਾ ਨਾਮ ਚਮਕਿਆ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਰਗੇ ਦੇਸ਼ ਦੇ ਵੱਡੇ ਹਸਪਤਾਲ ਨੇ ਬਠਿੰਡਾ ਨੂੰ ਵੱਡਾ ਨਾਮ ਦਿੱਤਾ, ਪਰ ਬਠਿੰਡਾ ਵਾਸੀਆਂ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਤਰਾਜ਼ ਹੈ ਕਿ ਪੰਜਾਬ ਦੀ ਕੇਂਦਰੀ ਯੂਨੀਵਰਸਿਟੀ ਆਪਣੇ ਦਿੱਖ ਪ੍ਰਤੀ ਗੰਭੀਰ ਨਹੀਂ ਤੇ ਨਾ ਹੀ ਬਠਿੰਡਾ ਪ੍ਰਸ਼ਾਸਨ ਵੱਲੋਂ ਕੇਂਦਰੀ ਯੂਨੀਵਰਸਿਟੀ ਦਾ ਨਾਮ ਨਾ ਤਾਂ ਗੇਟ ’ਤੇ ਲਿਖਿਆ ਗਿਆ ਤੇ ਨਾ ਹੀ ਬਠਿੰਡਾ ਤੋਂ ਘੁੱਦਾ ਜਾਣ ਵਾਲੇ ਰਸਤੇ ਵਿਚ ਵਰਸਿਟੀ ਦਾ ਨਾਮ ਜਾਂ ਦਿਸ਼ਾ ਦਰਸਾਊ ਬੋਰਡ ਲਗਾਇਆ ਗਿਆ। ਇਸ ਪ੍ਰਤੀਨਿਧ ਨੇ ਜਦੋਂ ਘੁੱਦਾ ਪਿੰਡ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਰਸਤੇ ਵਿਚ ਕਿਧਰੇ ਵੀ ਕੇਂਦਰੀ ਯੂਨੀਵਰਸਿਟੀ ਦਾ ਕੋਈ ਵੀ ਦਿਸ਼ਾ ਦਰਸਾਊ ਬੋਰਡ ਨਹੀਂ ਲੱਗਿਆ ਹੋਇਆ, ਜਿਸ ਕਾਰਨ ਯੂਨੀਵਰਸਿਟੀ ਵਿਚ ਪੜ੍ਹਾਈ ਤੋਂ ਇਲਾਵਾ ਹੋਰ ਨੌਕਰੀ ਲਈ ਅਪਲਾਈ ਕਰਨ ਦੇ ਚਾਹਵਾਨ ਸ਼ਹਿਰ ਦੀ ਸੜਕਾਂ ਮਾਪਦੇ ਨਜ਼ਰ ਆਉਂਦੇ ਹਨ। ਇੱਥੇ ਹੀ ਬੱਸ ਨਹੀਂ ਇੱਥੇ ਤਾਇਨਾਤ ਸੁਰੱਖਿਆ ਕਰਮੀ ਵੀ ਗਰਮੀ ਵਿਚ ਇੱਕ ਵੱਡੀ ਛਤਰੀ ਹੇਠ ਖੜ੍ਹ ਕੇ ਡਿਊਟੀ ਕਰਨ ਲਈ ਮਜਬੂਰ ਹਨ।
ਉਨ੍ਹਾਂ ਲਈ ਬਣਾਇਆ ਹੋਇਆ ਕਮਰਾ ਕਾਫ਼ੀ ਪਿੱਛੇ ਹਟਵਾਂ ਹੈ, ਜਿਸ ਦਾ ਗੇਟ ਨਾਲ ਕੋਈ ਵਾਹ ਵਾਸਤਾ ਨਜ਼ਰ ਨਹੀਂ ਆਉਂਦਾ। ਯੂਨੀਵਰਸਿਟੀ ਦਾ ਸੜਕ ਮੱਥਾ ਘੱਟ ਹੋਣ ਕਾਰਨ ਹਜ਼ਾਰਾਂ ਏਕੜ ਵਿਚ ਫੈਲੀ ਯੂਨੀਵਰਸਿਟੀ ਦਾ ਗੇਟ ’ਤੇ ਨਾਮ ਨਾ ਦਿਸਣ ਕਾਰਨ ਯੂਨੀਵਰਸਿਟੀ ਦੀ ਦਿੱਖ ਪ੍ਰਭਾਵਿਤ ਹੁੰਦੀ ਹੈ ਜਦੋਂ ਕਿ ਕੈਂਪਸ ਅੰਦਰ ਅਤੇ ਨਮੂਨੇ ਦੀ ਇਮਾਰਤਾਂ ਨੇ ਕੈਂਪਸ ਨੂੰ ਚਾਰ ਚੰਨ ਲਾਏ ਹੋਏ ਹਨ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਮੇਤ ਹੋਰ ਖੇਤਰਾਂ ਤੋਂ ਕੇਂਦਰੀ ਯੂਨੀਵਰਸਿਟੀ ਆਉਣ ਵਾਲੇ ਵਿਦਿਆਰਥੀਆਂ ਅਤੇ ਹੋਰਨਾਂ ਲੋਕਾਂ ਦੀ ਸਹੂਲਤ ਲਈ ਗੇਟ ਦੀ ਦਿੱਖ ਸਣੇ ਹੋਰ ਸੁਧਾਰ ਕੀਤੇ ਜਾਣ। ਇਸ ਸਬੰਧੀ ਪੱਖ ਜਾਣਨ ਲਈ ਜਦੋਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਾ ਹੋ ਸਕਿਆ।