ਮਨੋਜ ਸ਼ਰਮਾ
ਬਠਿੰਡਾ, 4 ਜਨਵਰੀ
ਦਲ ਖ਼ਾਲਸਾ ਤੇ ਵਕੀਲਾਂ ਦੇ ਇੱਕ ਪ੍ਰਤੀਨਿਧਾਂ ਵੱਲੋਂ ਅੱਜ ਭਾਰਤ ਦੀ ਸੁਪਰੀਮ ਕੋਰਟ, ਰਾਸ਼ਟਰਪਤੀ, ਦਿੱਲੀ ਮੁੱਖ ਮੰਤਰੀ, ਪੰਜਾਬ ਮੁੱਖ ਮੰਤਰੀ ਦੇ ਨਾਂ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਭੇਜੇ ਮੰਗ ਪੱਤਰ ’ਚ ਕਿਹਾ ਕਿ ਦਿੱਲੀ ਮੋਰਚੇ ’ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੇ ਹੋਰ ਮੌਤਾਂ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਕੀਤੇ ਜਾਣ।
ਬਠਿੰਡਾ ਜ਼ਿਲ੍ਹੇ ਪ੍ਰਸ਼ਾਸਨ ਰਾਹੀਂ ਭੇਜੇ ਮੰਗ ਪੱਤਰ ’ਚ ਕਿਹਾ ਗਿਆ ਕਿ 26 ਨਵੰਬਰ 2020 ਤੋਂ ਦਿੱਲੀ ਵਿੱਚ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਕਿਸਾਨਾਂ ਵੱਲੋਂ ਲੋਕਤੰਤਰਕ ਢੰਗ ਨਾਲ ਮੋਰਚਾ ਲਾਇਆ ਹੋਇਆ ਹੈ, ਪਰ ਅਫ਼ਸੋਸ ਹੈ ਕਿ ਤਾਨਾਸ਼ਾਹੀ ਮੋਦੀ ਹਕੂਮਤ ਵੱਲੋਂ ਲੋਕਾਂ ਦੇ ਸਾਰੇ ਸਾਧਨ ਲੁੱਟਣ ਲਈ ਬਣਾਏ ਗਏ ਕਾਲੇ ਕਾਨੂੰਨਾਂ ਤੋਂ ਨਿਰਾਸ਼ ਤੇ ਹਤਾਸ਼ ਕੁਝ ਕਿਸਾਨਾਂ ਨੇ ਦੁਖੀ ਹੋ ਕੇ ਆਤਮ-ਹੱਤਿਆ ਕੀਤੀ ਹੈ, ਕੁਝ ਕੁ ਮ੍ਰਿਤਕ ਕਿਸਾਨਾਂ ਨੇ ਤਾਂ ਆਪਣੇ ਖ਼ੁਦਕੁਸ਼ੀ ਨੋਟ ’ਚ ਸਾਫ਼ ਮੋਦੀ ਸਰਕਾਰ ਤੇ ਇਸ ਦੇ ਹੋਰ ਆਕਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਸੁਰਿੰਦਰ ਸਿੰਘ ਨਥਾਣਾ, ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਇਹ ਸੱਚ ਹੈ ਕਿ ਮੋਰਚੇ ’ਤੇ ਜਿਹੜੀਆਂ ਵੀ ਖ਼ੁਦਕੁਸ਼ੀਆਂ ਹੋਈਆਂ ਉਸ ਲਈ ਸਿੱਧੇ ਤੌਰ ’ਤੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਸ ਨੂੰ ਦੇਸ਼ ਵੇਚਿਆ ਜਾ ਰਿਹਾ ਹੈ ਅਡਾਨੀ, ਅਬਾਨੀ ਆਦਿ ਜ਼ਿੰਮੇਵਾਰ ਹਨ। ਇਸ ਤੋਂ ਇਲਾਵਾ ਕੁਝ ਹੋਰ ਮੌਤਾਂ ਮੋਰਚੇ ’ਤੇ ਦਿਲ ਦਾ ਦੌਰਾ ਪੈਣ ਕਾਰਨ ਹੋਈਆਂ ਹਨ, ਕੁਝ ਮੌਤਾਂ ਮੋਰਚਿਆਂ ਤੋਂ ਮੁੜਦੇ ਜਾਂ ਮੋਰਚਿਆਂ ’ਤੇ ਜਾਂਦੇ ਕਿਸਾਨਾਂ ਦੀਆਂ ਸੜਕ ਹਾਦਸਿਆਂ ’ਚ ਜਾਨਾਂ ਚਲੀਆਂ ਗਈਆਂ, ਬਿਨਾਂ ਕਿਸੇ ਸ਼ੱਕ ਇਸ ਲਈ ਵੀ ‘ਵਿਸ਼ੇਸ਼ ਵਿਅਕਤੀ’ ਜ਼ਿੰਮੇਵਾਰ ਹਨ, ਜਿਨ੍ਹਾਂ ’ਤੇ ਕਿਸਾਨਾਂ ਨੂੰ ਮਰਨ ਲਈ ਮਜਬੂਰ ਕਰਨ ਤੇ ਉਨ੍ਹਾਂ ਦੀਆਂ ਜਾਨਾਂ ਚਲੀਆਂ ਜਾਣ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਮੈਂਬਰ ਅਮਿੱਤ ਸ਼ਾਹ, ਅਡਾਨੀ ਤੇ ਅਬਾਨੀ ਵਿਰੁੱਧ ਬਾਕਾਇਦਾ ਕੇਸ ਦਰਜ ਕਰਕੇ ਭਾਰਤੀ ਕਾਨੂੰਨ ਤਹਿਤ ਬਣਦੀ ਸਜ਼ਾ ਦਿੱਤੀ ਜਾਵੇ।