ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਾਰਚ
ਵੁਆਇਸ ਆਫ ਮਾਨਸਾ ਸੰਸਥਾ ਵੱਲੋਂ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨਾਲ ਮਿਲ ਕੇ ਯੂਕਰੇਨ ਅਤੇ ਰੂਸ ਦੀ ਜੰਗ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਸਹੀ ਸਲਾਮਤ ਵਤਨ ਵਾਪਸੀ ਅਤੇ ਉਥੋਂ ਦੇ ਨਾਗਰਿਕਾਂ ਦੇ ਭਲੇ ਲਈ ਦੁਆਵਾਂ ਕਰਨ ਵਜੋਂ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਗਿਆ। ਸ਼ਹਿਰ ਦੇ ਗੁਰਦੁਆਰਾ ਚੌਕ ਤੋਂ ਸ਼ੁਰੂ ਹੋ ਕੇ ਇਹ ਮਾਰਚ ਬੱਸ ਸਟੈਂਡ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਵਿੱਚ ਸਮਾਪਤ ਹੋਇਆ।
ਸੰਸਥਾ ਦੇ ਮੋਢੀ ਡਾ. ਜਨਕ ਰਾਜ ਨੇ ਕਿਹਾ ਕਿ ਭਾਰਤ ਵਿੱਚ ਮੈਡੀਕਲ ਸਿੱਖਿਆ ਦਾ ਹੋਰ ਵਿਸਥਾਰ ਕਰਨ ਦੀ ਸਖ਼ਤ ਲੋੜ ਹੈ ਤਾਂ ਜੋ ਸਿਹਤ ਸਿੱਖਿਆ ਵਿੱਚ ਹੋਰ ਸੀਟਾਂ ਪੈਦਾ ਹੋ ਸਕਣ ਅਤੇ ਵਿਦਿਆਰਥੀ ਆਪਣੇ ਮੁਲਕ ਵਿੱਚ ਹੀ ਪੜ੍ਹਾਈ ਕਰਨ। ਉਨ੍ਹਾਂ ਇਸ ਮਾਰਚ ਦੇ ਮਕਸਦ ਬਾਰੇ ਦੱਸਦਿਆਂ ਕਿਹਾ ਕਿ ਇਹ ਮਾਰਚ ਸਰਬੱਤ ਦਾ ਭਲਾ ਮੰਗਣ ਲਈ ਅਰਦਾਸ ਕਰਨ ਵਜੋਂ ਕੱਢਿਆ ਗਿਆ ਹੈ ਤਾਂ ਜੋ ਪੂਰੀ ਦੁਨੀਆ ਵਿੱਚ ਅਮਨ-ਅਮਾਨ ਰਹੇ। ਇਸ ਮਾਰਚ ਵਿੱਚ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਸਮੇਤ ਸ਼ਹਿਰ ਦੇ ਉਘੇ ਡਾਕਟਰਾਂ ਅਤੇ ਵਕੀਲਾਂ ਨੇ ਸਮੂਲੀਅਤ ਕੀਤੀ। ਸੋਸ਼ਲਿਸਟ ਪਾਰਟੀ ਦੇ ਹਰਿੰਦਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਯੁੱਧ ਮਨੁੱਖਤਾ ਲਈ ਖ਼ਤਰਨਾਕ ਹੈ। ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਵਿਜੈ ਸਿੰਗਲਾ ਨੇ ਜੰਗ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਨਾਲ ਸਾਰੇ ਵਿਦਿਆਰਥੀਆਂ ਨੂੰ ਜਲਦੀ ਮੁਲਕ ਵਾਪਸ ਲਿਆਉਣ ਲਈ ਯਤਨ ਤੇਜ਼ ਕਰਨ ਲਈ ਕਿਹਾ।
ਆਪ ਵੱਲੋਂ ਮਾਰਚ ਕਰਕੇ ਸ਼ਾਂਤੀ ਦੀ ਅਪੀਲ
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਰੂਸ-ਯੂਕਰੇਨ ਯੁੱਧ ਦੇ ਸਬੰਧ ’ਚ ਆਮ ਆਦਮੀ ਪਾਰਟੀ ਬਠਿੰਡਾ (ਸ਼ਹਿਰੀ) ਵੱਲੋਂ ਅੱਜ ਸ਼ਾਮ ਨੂੰ ਫਾਇਰ ਬਿ੍ਰਗੇਡ ਚੌਕ ਤੋਂ ਸਦਭਾਵਨਾ ਚੌਕ ਤੱਕ ਸ਼ਾਂਤੀ ਮਾਰਚ ਕੀਤਾ ਗਿਆ। ਇਸ ਮੌਕੇ ਬਠਿੰਡਾ (ਸ਼ਹਿਰੀ) ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ, (ਸ਼ਹਿਰੀ) ਪ੍ਰਧਾਨ ਤੇ ਪਾਰਟੀ ਦੇ ਬੁਲਾਰੇ ਨੀਲ ਗਰਗ, ਸੀਨੀਅਰ ਆਗੂ ਅਨਿਲ ਠਾਕੁਰ, ਅੰਮ੍ਰਿਤ ਲਾਲ ਅਗਰਵਾਲ, ਅਮਰਦੀਪ ਰਾਜਨ, ਬਲਦੇਵ ਸਿੰਘ ਪੀਆਈਐਸ ਅਤੇ ਮਹਿੰਦਰ ਸਿੰਘ ਨੇ ਅਪੀਲ ਕੀਤੀ ਕਿ ਸੰਸਾਰੀ ਸ਼ਕਤੀਆਂ ਨੂੰ ਆਪਣੀ ਨਿੱਜੀ ਹਓਮੈ ਪਾਸੇ ਰੱਖ ਕੇ ਲੋਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਨਿਊਕਲੀਅਰ ਹਥਿਆਰਾਂ ਨੂੰ ਨਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਹਿਲਕਦਮੀ ਅਣਵਿਕਸਿਤ ਮੁਲਕਾਂ ਲਈ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ ਜਦੋਂ ਉਥੋਂ ਦੀ ਪਰਜਾ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੀ ਹੋਵੇ ਅਤੇ ਦੇਸ਼ਾਂ ਦੇ ਹਾਕਮ ਹਥਿਆਰ ਪ੍ਰਾਪਤੀ ’ਤੇ ਵੱਡਾ ਬਜਟ ਖ਼ਰਚ ਕਰ ਰਹੇ ਹੋਣ। ਉਨ੍ਹਾਂ ਸਮੂਹ ਅਮਨ ਪਸੰਦ ਲੋਕਾਂ ਨੂੰ ਰੂਸ-ਯੂਕਰੇਨ ਜੰਗ ਰੋਕਣ ਲਈ ਆਵਾਜ਼ ਬਣਨ ਦਾ ਸੁਨੇਹਾ ਦਿੱਤਾ।