ਮਨੋਜ ਸ਼ਰਮਾ
ਬਠਿੰਡਾ, 11 ਮਈ
‘ਬਠਿੰਡਾ ਸਥਿਤ ਐਡਵਾਂਸਡ ਕੈਂਸਰ ਇੰਸਟੀਚਿਊਟ ਲਗਾਤਾਰ ਕੈਂਸਰ ਪੀੜਤਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਿਹਾ ਹੈ ਅਤੇ ਇੱਥੇ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਕਾਰਨ ਕੈਂਸਰ ਪੀੜਤਾਂ ਨੂੰ ਇਲਾਜ ਕਰਵਾਉਣ ਵਿੱਚ ਕੋਈ ਮੁਸ਼ਕਲ ਨਹੀਂ ਹੋ ਰਹੀ।’ ਇਹ ਜਾਣਕਾਰੀ ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓ.ਪੀ.ਸੋਨੀ ਨੇ ਦਿੱਤੀ। ਸ੍ਰੀ ਸੋਨੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਕੁਝ ਆਗੂ ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਵਿੱਚ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਸਬੰਧੀ ਤੱਥਾਂ ਤੋਂ ਉਲਟ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਸੱਚਾਈ ਇਹ ਹੈ ਕਿ ਕੈਂਸਰ ਇੰਸਟੀਚਿਊਟ ਅੱਜ ਵੀ ਪਹਿਲਾਂ ਵਾਂਗ ਕੈਂਸਰ ਪੀੜਤਾਂ ਨੂੰ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਮਹੀਨਾਵਾਰ ਕਰੋਨਾ ਮਰੀਜ਼ਾਂ ਦੇ ਵੇਰਵੇ ਵੀ ਜਾਰੀ ਕੀਤੇ ਜੋ ਇਲਾਜ ਲਈ ਇੰਸਟੀਚਿਊਟ ਵਿੱਚ ਆਏ ਹਨ।
ਸ੍ਰੀ ਸੋਨੀ ਨੇ ਦੱਸਿਆ ਕਿ ਇਸ ਵੇਲੇ ਕੋਵਿਡ-19 ਮਹਾਂਮਾਰੀ ਦੇ ਮਰੀਜ਼ਾਂ ਦੀ ਸੰਖਿਆ ਬਹੁਤ ਜ਼ਿਆਦਾ ਵਧ ਗਈ ਹੈ ਅਤੇ ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿੱਚ ਕੋਵਿਡ-19 ਦੀ ਰੋਜ਼ਾਨਾ ਪਾਜ਼ੇਟੀਵਿਟੀ 23.48 ਪ੍ਰਤੀਸ਼ਤ ਹੈ। ਇਸ ਲਈ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਲੈਵਲ 2 ਅਤੇ ਲੈਵਲ 3 ਬੈੱਡ ਵਧਾਉਣ ਦੀ ਲੋੜ ਹੈ। ਬਠਿੰਡਾ ਵਿਖੇ ਨਵੇਂ ਬਣੇ ਏਮਜ ਦੀ ਉਸਾਰੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਏਮਜ਼ ਬਠਿੰਡਾ ਵਿੱਚ 70-75 ਲੈਵਲ-2 ਬੈੱਡ ਤੋਂ ਜ਼ਿਆਦਾ ਉਪਲਬਧ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕੈਂਸਰ ਇੰਸਟੀਚਿਊਟ ਵਿੱਚ ਦੋ ਐਂਟਰੀ ਗੇਟ ਹਨ ਅਤੇ ਇਸ ਬਿਲਡਿੰਗ ਨੂੰ 2 ਹਿੱਸਿਆਂ ਵਿੱਚ ਆਰਜ਼ੀ ਤੌਰ ’ਤੇ ਵੰਡ ਦਿੱਤਾ ਗਿਆ ਹੈ। ਅਜਿਹਾ ਕਰਨ ਨਾਲ ਮੌਜੂਦਾ ਕੈਂਸਰ ਟਰੀਟਮੈਂਟ, ਓ.ਪੀ.ਡੀ. ਅਤੇ ਸਰਜਰੀ ਆਦਿ ਤੇ ਕੋਈ ਵੀ ਫਰਕ ਨਹੀਂ ਪਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਜ਼ ਵਿੱਚ ਕੈਂਸਰ ਪੀੜਤਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਹੈ। ਡਾ. ਬਹਾਦਰ ਨੇ ਇਸ ਦੀ ਪੁਸ਼ਟੀ ਕੀਤੀ।