ਜੋਗਿੰਦਰ ਸਿੰਘ ਮਾਨ
ਮਾਨਸਾ, 8 ਮਾਰਚ
ਮਾਨਸਾ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਔਰਤ ਵਿੰਗ ਵੱਲੋਂ ਸਾਂਝੇ ਤੌਰ ’ਤੇ ਜ਼ਿਲ੍ਹਾ ਕਚਹਿਰੀ ਵਿੱਚ ਵੱਡਾ ਇਕੱਠ ਕਰਕੇ ਔਰਤ ਦਿਵਸ ਮਨਾਇਆ ਗਿਆ, ਜਿਸ ਵਿੱਚ ਖ਼ਾਸ ਤੌਰ ’ਤੇ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।
ਇਕੱਠ ਨੂੰ ਸੰਬੋਧਨ ਕਰਨ ਵਾਲੀਆਂ ਔਰਤ ਆਗੂਆਂ ’ਚ ਭਾਕਿਯੂ ਏਕਤਾ (ਡਕੌਂਦਾ) ਦੇ ਐਡਵੋਕੇਟ ਬਲਵੀਰ ਕੌਰ ਸਿੱਧੂ ਤੇ ਪੰਜਾਬ ਕਿਸਾਨ ਯੂਨੀਅਨ ਦੇ ਨਰਿੰਦਰ ਕੌਰ ਬੁਰਜ ਹਮੀਰਾ, ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਆਗੂ ਪੁਸ਼ਪਿੰਦਰ ਚੌਹਾਨ ਨੇ ਕਿਹਾ ਕਿ ਇੱਕੀਵੀਂ ਸਦੀ ’ਚ ਵੀ ਭਾਰਤੀ ਸਮਾਜ ਅਜੇ ਤੱਕ ਔਰਤ ਨੂੰ ਸਨਮਾਨਯੋਗ ਸਥਾਨ ਨਹੀਂ ਦੇ ਸਕਿਆ। ਉਨ੍ਹਾਂ ਕਿਹਾ ਕਿ ਔਰਤ ਅਜੇ ਗੁਲਾਮੀ ਦਾ ਸ਼ਿਕਾਰ ਹੈ, ਮਰਦ ਪ੍ਰਧਾਨ ਮਾਨਸਿਕਤਾ ਹੀ ਇਸ ਲਈ ਜ਼ਿੰਮੇਵਾਰ ਹੈ ਤੇ ਪੂੰਜੀਵਾਦੀ ਸੱਭਿਆਚਾਰਕ ਪ੍ਰਬੰਧ ਵੀ ਦੋਸ਼ੀ ਹੈ।
ਬਰਨਾਲਾ (ਰਵਿੰਦਰ ਰਵੀ/ਪਰਸ਼ੋਤਮ ਬੱਲੀ) ਕੌਮਾਂਤਰੀ ਇਸਤਰੀ ਦਿਵਸ ਮੌਕੇ ਬੀਕੇਯੂ ਉਗਰਾਹਾਂ, ਬੀਕੇਯੂ ਡਕੌਂਦਾ ਤੇ ਇਸਤਰੀ ਜਾਗ੍ਰਿਤੀ ਮੰਚ ਪੰਜਾਬ ਵੱਲੋਂ ਵੱਖੋ ਵੱਖਰੇ ਜ਼ਿਲ੍ਹਾ ਪੱਧਰੀ ਸਮਾਗਮ ਕਰਕੇ ਸਮੁੱਚੇ ਸਮਾਜ ਦੀ ਅੱਧੀ ਵਸੋਂ ਮਹਿਲਾਵਾਂ ਦੇ ਹੱਕਾਂ ਤੇ ਤਰਾਸਦੀਆਂ ਪ੍ਰਤੀ ਚਿੰਤਨ ਕਰਦਿਆਂ ਸੰਘਰਸ਼ਾਂ ਰਾਹੀਂ ਹੱਲ ਲਈ ਜਾਗਰੂਕਤਾ ਤੇ ਲਾਮਬੰਦੀ ਦਾ ਹੋਕਾ ਦਿੱਤਾ।
ਦਾਣਾ ਮੰਡੀ ’ਚ ਭਾਕਿਯੂ (ਏਕਤਾ) ਉਗਰਾਹਾਂ ਜ਼ਿਲ੍ਹਾ ਬਰਨਾਲਾ ਵੱਲੋਂ ਕੀਤੇ ਭਰਵੇਂ ਮਹਿਲਾ ਇਕੱਠ ਨੂੰ ਸੰਬੋਧਨ ਕਰਦਿਆਂ ਆਗੂ ਕਮਲਜੀਤ ਕੌਰ ਬਰਨਾਲਾ ਨੇ ਲਹਿਰਾਂ ਵਿੱਚ ਔਰਤਾਂ ਦੀ ਬੇਮਿਸਾਲ ਤੇ ਅਹਿਮ ਭੂਮਿਕਾ ਬਾਰੇ ਚਾਨਣ ਪਾਇਆ। 1857 ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ, ਬੱਬਰ ਅਕਾਲੀ ਲਹਿਰ, ਕਿਰਤੀ ਲਹਿਰ, ਨੌਜਵਾਨ ਭਾਰਤ ਸਭਾ ਲਹਿਰ, ਮੁਜ਼ਾਰਾ ਲਹਿਰ, ਤਿਲੰਗਾਨਾਂ, ਤਿਭਾਗਾ ਦੀਆਂ ਲਹਿਰਾਂ, ਪੱਛਮੀ ਬੰਗਾਲ ਵਿੱਚ ਉੱਠੀ ਕਿਸਾਨ ਬਗਾਵਤ, ਦਲਿਤ ਮੁਕਤੀ ਲਹਿਰਾਂ, ਆਦਿਵਾਸੀ ਬਗ਼ਾਵਤਾਂ, ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਉੱਠੀ ਮੁਲਕ ਅੰਦਰ ਇਤਿਹਾਸਕ ਲਹਿਰ ਵਿੱਚ ਔਰਤਾਂ ਦੇ ਯੋਗਦਾਨ ਦੀਆਂ ਮਿਸਾਲਾਂ ਪੇਸ਼ ਕੀਤੀਆਂ। ਉਨ੍ਹਾਂ ਲਹਿਰਾਂ ਵਿੱਚ ਔਰਤ ਆਗੂਆਂ/ਕਾਰਕੁੰਨਾਂ ਦੀਆਂ ਪੈੜਾਂ ਸੰਭਾਲਣ ਤੇ ਪ੍ਰੇਰਨਾ ਲੈਂਦਿਆਂ ਅੱਗੇ ਤੁਰਨਾ ਸਮੇਂ ਦੀ ਵੰਗਾਰ ਦੱਸਿਆ।
ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਪਿੰਡ ਅਮਲਾ ਸਿੰਘ ਵਾਲਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਆਗੂ ਅਮਰਜੀਤ ਕੌਰ, ਪ੍ਰੇਮਪਾਲ ਕੌਰ ਤੇ ਸਿਮਰਜੀਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕਰਵਾਈ ਗਈ।
ਭੁੱਚੋ ਮੰਡੀ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੱਦੇ ’ਤੇ ਅੱਜ ਕਿਸਾਨ ਸੰਘਰਸ਼ ਮੌਕੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਵਾਲੀਆਂ ਸਮੁੱਚੇ ਜ਼ਿਲ੍ਹੇ ਦੀਆਂ ਸੰਘਰਸ਼ੀ ਔਰਤਾਂ ਨੇ ਇਥੇ ਅਨਾਜ ਮੰਡੀ ’ਚ ਕੌਮਾਂਤਰੀ ਔਰਤ ਦਿਵਸ ਮਨਾਇਆ। ਇਸ ਦੀ ਪ੍ਰਧਾਨਗੀ ਬਲਜੀਤ ਕੌਰ ਰਾਮਪੁਰਾ, ਸੁਖਜਿੰਦਰ ਕੌਰ ਢਿਪਾਲੀ, ਅਮਰਜੀਤ ਕੌਰ ਨਥਾਪੁਰਾ, ਜਸਵੀਰ ਕੌਰ ਕਰਾੜਵਾਲਾ ਤੇ ਦਰਸ਼ਨਾ ਦੇਵੀ ਨੇ ਕੀਤੀ।ਪਹਿਲਾਂ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਚ ਸੰਚਾਲਨ ਹਰਪ੍ਰੀਤ ਕੌਰ ਤੁੰਗਵਾਲੀ ਨੇ ਕੀਤਾ। ਔਰਤਾਂ ਦੇ ਹੱਥਾਂ ਵਿੱਚ ਆਜ਼ਾਦੀ ਦੇ 75 ਸਾਲਾਂ ਵਿੱਚ ਔਰਤ ਵਰਗ ਨੂੰ ਵਸਾਰੇ ਜਾਣ ਸਬੰਧੀ ਤਖ਼ਤੀਆਂ ਫੜੀਆਂ ਹੋਈਆਂ ਸਨ।
ਜੈਤੋ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੌਮਾਂਤਰੀ ਔਰਤ ਦਿਵਸ ਮੌਕੇ ਪਿੰਡ ਵਾੜਾ ਭਾਈਕਾ ਵਿੱਚ ਜ਼ਿਲ੍ਹਾ ਪੱਧਰੀ ਕਾਨਫਰੰਸ ਹੋਈ, ਜਿਸ ਵਿਚ ਜ਼ਿਲ੍ਹਾ ਫ਼ਰੀਦਕੋਟ ਦੀਆਂ ਮਹਿਲਾਵਾਂ ਵੱਡੀ ਗਿਣਤੀ ’ਚ ਸ਼ਾਮਿਲ ਹੋਈਆਂ।
ਔਰਤਾਂ ਨੂੰ ਹੱਕਾਂ ਲਈ ‘ਚੰਡੀ’ ਬਣ ਕੇ ਜੂਝਣ ਦਾ ਸੱਦਾ
ਬਠਿੰਡਾ (ਸ਼ਗਨ ਕਟਾਰੀਆ) ਅੱਜ ਕੌਮਾਂਤਰੀ ਔਰਤ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਔਰਤ ਵਿੰਗ ਵੱਲੋਂ ਇੱਥੇ ਦਾਣਾ ਮੰਡੀ ਵਿੱਚ ਕਾਨਫਰੰਸ ਕੀਤੀ ਗਈ। ਬਾਅਦ ’ਚ ਦਾਣਾ ਮੰਡੀ ਤੋਂ ਮਿੰਨੀ ਸਕੱਤਰੇਤ ਤੱਕ ਪੈਦਲ ਪ੍ਰਦਰਸ਼ਨ ਕਰ ਕੇ ਗੁਲਾਬੀ ਸੁੰਡੀ ਕਾਰਨ ਨੁਕਸਾਨੇ ਨਰਮੇ ਦਾ ਕਾਸ਼ਤਕਾਰਾਂ ਤੇ ਖੇਤ ਮਜ਼ਦੂਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਸੁਣਵਾਈ ਨਾ ਹੋਣ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ। ਔਰਤ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ, ਮਾਲਣ ਕੌਰ ਕੋਠਾਗੁਰੂ, ਕਰਮਜੀਤ ਕੌਰ ਲਹਿਰਾ ਖਾਨਾ, ਸੁਖਜੀਤ ਕੌਰ ਚੱਕ ਫ਼ਤਿਹ ਸਿੰਘ ਵਾਲਾ, ਪਰਮਜੀਤ ਕੌਰ ਜੋਧਪੁਰ, ਸੁਖਪ੍ਰੀਤ ਕੌਰ ਗਿੱਦੜ, ਬਲਜੀਤ ਕੌਰ ਪਥਰਾਲਾ ਤੇ ਸੁਖਜੀਤ ਕੌਰ ਨਥਾਣਾ ਨੇ ਹਜ਼ਾਰਾਂ ਦੀ ਗਿਣਤੀ ’ਚ ਜੁੜੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ 1910 ਵਿੱਚ ਜਰਮਨੀ ਦੇ ਸ਼ਹਿਰ ਕੋਪਨਹੈਗਨ ਵਿੱਚ ਦੁਨੀਆਂ ਦੀਆਂ ਸੂਝਵਾਨ ਔਰਤਾਂ ਨੇ ਔਰਤ ਮੁਕਤੀ ਲਈ ਕਾਨਫਰੰਸ ਕੀਤੀ ਸੀ, ਜਿਸ ਤੋਂ ਬਾਅਦ 8 ਮਾਰਚ ਨੂੰ ਹਰ ਸਾਲ ਕੌਮਾਂਤਰੀ ਪੱਧਰ ’ਤੇ ਔਰਤ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਲੁਟੇਰੇ ਪ੍ਰਬੰਧ ਅਧੀਨ ਔਰਤਾਂ ਜਮਾਤੀ ਲੁੱਟ ਤੇ ਸਾਮਰਾਜੀ ਦਾਬੇ ਤੋਂ ਇਲਾਵਾ ਮਰਦਾਨਗੀ ਦਾਬੇ ਦਾ ਸੰਤਾਪ ਹੰਢਾਉਂਦੀਆਂ ਹੋਈਆਂ ਤੀਹਰੀ ਗੁਲਾਮੀ ਭੋਗ ਰਹੀਆਂ ਹਨ, ਜਦੋਂਕਿ ਫਿਰਕੂ ਤੇ ਜਾਤਪਾਤੀ ਵੰਡੀਆਂ ਵਾਲੀ ਸਮਾਜਿਕ ਵਿਵਸਥਾ ਕਾਰਨ ਦਲਿਤ ਔਰਤਾਂ ਹੋਰ ਵੀ ਦਾਬੇ ਦਾ ਸ਼ਿਕਾਰ ਬਣੀਆਂ ਹੋਈਆਂ ਹਨ।