ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 25 ਜੂਨ
ਮਾਲਵਾ ਬੱਸ ਅਪਰੇਟਰ ਯੂਨੀਅਨ ਨੇ ਕਰੋਨਾ ਦੀ ਮਾਰ ਆਪਣੇ ਕਾਰੋਬਾਰ ’ਤੇ ਪੈਣ ਦੇ ਹਵਾਲੇ ਨਾਲ ਸਰਕਾਰ ਤੋਂ ਰਾਹਤ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਹੈਪੀ ਅਨੁਸਾਰ ਕਰੋਨਾ ਮਹਾਂਮਾਰੀ ਪਿੱਛੋਂ ਲੋਕਾਂ ਨੇ ਜਨਤਕ ਟਰਾਂਸਪੋਰਟ ਤੋਂ ਮੂੰਹ ਫੇਰ ਲਿਆ ਹੈ। ਉਨ੍ਹਾਂ ਮੁਤਾਬਕ ਪ੍ਰਤੀ ਬੱਸ 15 ਤੋਂ 20 ਰੁਪਏ ਪ੍ਰਤੀ ਕਿਲੋਮੀਟਰ ਕਮਾਈ ਕਰਦੀ ਹੈ ਅਤੇ ਉਸ ਵਿਚੋਂ 16 ਰੁਪਏ ਦਾ ਡੀਜ਼ਲ ਫੂਕਿਆ ਜਾਂਦਾ ਹੈ। ਡੀਜ਼ਲ ਦੀਆਂ ਕੌਮਾਂਤਰੀ ਕੀਮਤਾਂ ਘੱਟਣ ਦੇ ਹਵਾਲੇ ਨਾਲ ਉਨ੍ਹਾਂ ਸਰਕਾਰ ਤੋਂ ਤੇਲ ਦਾ ਰੇਟ ਘਟਾਉਣ ਅਤੇ ਜਦੋਂ ਤੱਕ ਆਲਾ-ਦੁਆਲਾ ਕਰੋਨਾ ਮੁਕਤ ਨਹੀਂ ਹੋ ਜਾਂਦਾ, ਉਦੋਂ ਤੱਕ ਟਰਾਂਸਪੋਰਟਰਾਂ ਦੇ ਸਾਰੇ ਟੈਕਸ ਮੁਆਫ਼ ਕਰਨ ਦੀ ਮੰਗ ਕੀਤੀ। ਉਨ੍ਹਾਂ ਖੜ੍ਹੀਆਂ ਗੱਡੀਆਂ ਦੇ ਬੀਮਾ ਮੁਆਫ਼ ਕਰਨ ਤੇ ਜਦੋਂ ਤੱਕ ਨਹੀਂ ਚੱਲਦੀਆਂ ਪਹਿਲੇ ਪ੍ਰੀਮੀਅਮ ਨੂੰ ਅੱਗੇ ਵਧਾਏ ਜਾਣ ਲਈ ਸਰਕਾਰ ਨੂੰ ਆਖਿਆ। ਉਨ੍ਹਾਂ ਕਰਜ਼ੇ ’ਤੇ ਲਈਆਂ ਬੱਸਾਂ ਦੀਆਂ ਕਿਸ਼ਤਾਂ ਬਗ਼ੈਰ ਵਿਆਜ ’ਤੇ ਅੱਗੇ ਵਧਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਡਰਾਈਵਰਾਂ, ਕੰਡਕਟਰਾਂ, ਕਲੀਨਰਾਂ, ਹਾਕਰਾਂ ਤੇ ਬੱਸਾਂ ਦੀ ਮੁਰੰਮਤ ਕਰਨ ਵਾਲਿਆਂ ਨੂੰ ਵਿੱਤੀ ਸਹਾਇਤਾ ਦੇਣ ਦੀ ਮੰਗ ਵੀ ਕੀਤੀ।