ਸ਼ਗਨ ਕਟਾਰੀਆ
ਬਠਿੰਡਾ, 8 ਦਸੰਬਰ
ਸਰਕਾਰੀ ਬੱਸਾਂ ਦੇ ਹੜਤਾਲੀ ਕੱਚੇ ਕਾਮੇ ਅੱਜ ਦੂਜੇ ਦਿਨ ਵੀ ਸੰਘਰਸ਼ੀ ਪਿੜ ’ਚ ਗੜ੍ਹਕਦੇ ਰਹੇ। ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਸਿਰ ਬੇਰੁਖ਼ੀ ਦਾ ਇਲਜ਼ਾਮ ਮੜ੍ਹਦਿਆਂ ਉਨ੍ਹਾਂ ਇਸ ਅੰਦੋਲਨ ਨੂੰ ‘ਆਰ-ਪਾਰ’ ਦੀ ਲੜਾਈ ਦੱਸਿਆ।
ਸੂਤਰਾਂ ਅਨੁਸਾਰ ਬਠਿੰਡਾ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਦੇ ਰੋਜ਼ਾਨਾ ਕਰੀਬ 400 ਟਾਈਮ ਹਨ। 7 ਦਸੰਬਰ ਨੂੰ ਇਨ੍ਹਾਂ ’ਚੋਂ ਤਕਰੀਬਨ 80 ਬੱਸਾਂ ਹੀ ਚੱਲੀਆਂ। ਇਹ ਬੱਸਾਂ ਪੱਕੇ ਕਰਮਚਾਰੀਆਂ ਸਦਕਾ ਸੜਕਾਂ ’ਤੇ ਨਿੱਕਲੀਆਂ ਜਦ ਕਿ ਸਰਕਾਰੀ ਫ਼ਲੀਟ ਦੀਆਂ 80 ਪ੍ਰਤੀਸ਼ਤ ਲਾਰੀਆਂ ਦੇ ਪਹੀਏ ਜਾਮ ਰਹੇ। ਬੱਸਾਂ ਰੁਕਣ ਨਾਲ ਸਰਕਾਰੀ ਟਰਾਂਸਪੋਰਟ ਨੂੰ ਇੱਕ ਦਿਨ ’ਚ ਹੀ ਲੱਖਾਂ ਰੁਪਏ ਦਾ ਵਿੱਤੀ ਰਗੜਾ ਲੱਗਿਆ। ਸਰਕਾਰੀ ਲਾਰੀਆਂ ਰੁਕਣ ਦਾ ਨਿੱਜੀ ਬੱਸ ਕੰਪਨੀਆਂ ਨੂੰ ਵੱਡਾ ਲਾਹਾ ਮਿਲਿਆ। ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਬਠਿੰਡਾ ਡਿੱਪੂ ਦੇ ਪ੍ਰਧਾਨ ਸੰਦੀਪ ਗਰੇਵਾਲ, ਮੀਤ ਪ੍ਰਧਾਨ ਗੁਰਦੀਪ ਸਿੰਘ ਅਤੇ ਕੈਸ਼ੀਅਰ ਰਵਿੰਦਰ ਸਿੰਘ ਆਦਿ ਨੇ ਮੰਗ ਕੀਤੀ ਕਿ ਸਰਕਾਰ ਬਿਨਾਂ ਦੇਰੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰੇ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਬੱਸ ਕਰਮਚਾਰੀਆਂ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਰਾਜ ਭਰ ਵਿੱਚ ਬੱਸਾਂ ਬੰਦ ਰੱਖਣ ਦਾ ਆਪਣਾ ਫੈਸਲਾ ਕਾਇਮ ਰੱਖਿਆ ਹੈ। ਪੀਆਰਟੀਸੀ ਦੇ ਇਸ ਜ਼ਿਲ੍ਹੇ ਵਿਚਲੇ ਡਿਪੂ ਬੁਢਲਾਡਾ ਦੇ ਬਾਹਰ ਅੱਜ ਮੁੜ ਪੰਜਾਬ ਸਰਕਾਰ ਖਿਲਾਫ਼ ਧਰਨਾ ਲਾਕੇ ਨਾਅਰੇਬਾਜ਼ੀ ਕੀਤੀ ਗਈ। ਦਿਲਚਸਪ ਗੱਲ ਹੈ ਕਿ ਮਾਨਸਾ ਤੋਂ ਸਿਰਸਾ ਲਈ ਸਿਰਫ਼ ਪੀਆਰਟੀਸੀ ਅਤੇ ਰੋਡਵੇਜ਼ ਦੀਆਂ ਬੱਸਾਂ ਹੀ ਜਾਂਦੀਆਂ-ਆਉਂਦੀਆਂ ਹਨ।
ਲੋਕਾਂ ਨੇ ‘ਬਗ਼ੈਰ ਕੰਡਕਟਰ’ ਦੇ ਬੱਸ ਘੇਰੀ
ਬਠਿੰਡਾ: ਬਠਿੰਡਾ-ਡੱਬਵਾਲੀ ਦਰਮਿਆਨ ਪੀਆਰਟੀਸੀ ਦੀਆਂ ਕੁਝ ਬੱਸਾਂ ਨੂੰ ਲੋਕਾਂ ਨੇ ਇਸ ਕਰਕੇ ਘੇਰ ਲਿਆ ਕਿਉਂਕਿ ਉਨ੍ਹਾਂ ਵਿੱਚ ਕੰਡਕਟਰ ਨਹੀਂ ਸਨ। ਇਸ ਸਬੰਧੀ ਵਾਇਰਲ ਹੋਈ ਵੀਡੀਓ ’ਚ ਪ੍ਰਦਰਸ਼ਨਕਾਰੀ ਰੋਕੀ ਹੋਈ ਬੱਸ ਦੇ ਡਰਾਈਵਰ ਨੂੰ ਸੁਆਲ ਕਰ ਰਿਹਾ ਹੈ ਕਿ ‘ਕੰਡਕਟਰ ਕਿੱਥੇ ਹੈ’?
ਮੁਫ਼ਤ ਸਫ਼ਰ ਵਾਲੀਆਂ ਮਹਿਲਾਵਾਂ ਨੂੰ ਭਰਨਾ ਪਿਆ ਕਿਰਾਇਆ
ਮਾਨਸਾ: ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫ਼ਰ ਦੇ ਲਾਭ ਦਾ ਇਸ ਹੜਤਾਲ ਨੇ ਜਨਾਜ਼ਾ ਕੱਢ ਧਰਿਆ ਹੈ। ਮਾਨਸਾ ਦੇ ਬੱਸ ਅੱਡੇ ਜਾ ਕੇ ਵੇਖਿਆ ਗਿਆ ਕਿ ਸਭ ਤੋਂ ਵੱਧ ਤਕਲੀਫ਼ ਉਨ੍ਹਾਂ ਮਾਈਆਂ ਨੂੰ ਆ ਰਹੀ ਸੀ, ਜਿੰਨ੍ਹਾਂ ਨੂੰ ਸਰਕਾਰੀ ਬੱਸਾਂ ਵਿੱਚ ਪੰਜਾਬ ਸਰਕਾਰ ਨੇ ਹਾਲ ਵਿੱਚ ਹੀ ਮੁਫ਼ਤ ਸਫ਼ਰ ਕਰਨ ਦੀ ਸਹੂਲਤ ਦਿੱਤੀ ਹੋਈ ਸੀ। ਇਹ ਮਾਈਆਂ ਸਰਕਾਰੀ ਬੱਸਾਂ ਨੂੰ ਬੈਠੀਆਂ ਉਡੀਕ ਰਹੀਆਂ ਸਨ। ਉਧਰ ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈਂਦੇ ਰਹੇ।