ਮਨੋਜ ਸ਼ਰਮਾ
ਬਠਿੰਡਾ, 9 ਅਪਰੈਲ
ਕੇਂਦਰ ਸਰਕਾਰ ਵੱਲੋਂ ਚੁੱਪ ਚੁਪੀਤੇ ਨਰਮੇ ਦੇ ਬੀਟੀ ਬੀਜਾਂ ਦੀਆਂ ਕੀਮਤਾਂ ’ਚ ਵਾਧਾ ਕਰ ਦਿੱਤਾ ਗਿਆ ਹੈ, ਇਸ ਸਬੰਧੀ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਇਸ ਨੂੰ ਪੰਜਾਬ ਦੇ ਨਰਮਾ ਉਤਪਾਦਕ ਕਿਸਾਨਾਂ ਨੂੰ ਆਰਥਿਕ ਧੱਕਾ ਤੇ ਕਰੋੜਾਂ ਰੁਪਇਆਂ ਦਾ ਵਾਧੂ ਬੋਝ ਦੱਸਿਆ ਹੈ।
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਟਿਕੈਤ ਦੇ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ (ਕਪਾਹ ਦੇ ਬੀਜ ਦੀ ਵੱਧ ਤੋਂ ਵੱਧ ਕੀਮਤ ਕੰਟਰੋਲ, ਆਦੇਸ਼ 2015 ਤਹਿਤ ) ਨਰਮੇ ਦੇ ਬੀਟੀ ਬੀਜ ਮੁੱਲ ’ਚ 43 ਰੁਪਏ ਪ੍ਰਤੀ ਪੈਕਟ ਵਾਧਾ ਕਰਕੇ 810 ਰੁਪਏ ਪ੍ਰਤੀ ਪੈਕਟ ਕਰ ਦਿੱਤਾ ਹੈ ਜੋ ਪਿਛਲੇ ਸਾਲ 767 ਰੁਪਏ ਪ੍ਰਤੀ ਪਕੈਟ ਨਿਰਧਾਰਤ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਬੀਟੀ ਕਾਟਨ ਕੰਪਨੀਆਂ ਨੇ ਬਾਜ਼ਾਰ ’ਚ ਨਵੇਂ ਭਾਅ ਵਾਲੇ ਪੈਕਟਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿੱਥੇ ਬੀਟੀ ਕਾਟਨ ਬੀਜਾਂ ਦੇ ਰੇਟ ਵਧਣ ਕਾਰਨ ਕਿਸਾਨੀ ਨੂੰ ਰਗੜਾ ਲੱਗ ਰਿਹਾ ਹੈ, ਉੱਥੇ ਗੁਲਾਬੀ ਸੁੰਡੀ ਦਾ ਭੈਅ ਬਰਕਰਾਰ ਹੈ ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਗੁਲਾਬੀ ਸੁੰਡੀ ਸਬੰਧੀ ਮਾਲਵਾ ਖੇਤਰ ’ਚ ਟੀਮਾਂ ਗਠਿਤ ਕਰਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ ਪਰ ਕਿਸਾਨੀ ’ਤੇ ਸੰਕਟ ਦੇ ਬੱਦਲ ਹਮੇਸ਼ਾ ਰਹੇ ਹਨ।
ਗੁਲਾਬੀ ਸੁੰਡੀ ਦਾ ਕਿਸਾਨਾਂ ਨੂੰ ਹਾਲੇ ਵੀ ਡਰ: ਮਾਲਵਾ ਖੇਤਰ ’ਚ ਨਰਮੇ ਦੀ ਬਿਜਾਂਦ ਨੁੰ ਲੈ ਕੇ ਕਿਸਾਨ ਇਸ ਵਾਰ ਸੋਚ ’ਚ ਹਨ ਕਿਉਂਕਿ ਬੀਟੀ ਬੀਜ ਨੂੰ ਫਿਰ ਗੁਲਾਬੀ ਸੁੰਡੀ ਪੈਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਆਏ ਦਿਨ ਖਾਦਾਂ, ਬੀਜ, ਡੀਜ਼ਲ, ਕੀਟਨਾਸ਼ਕਾਂ ਦੀਆਂ ਕੀਮਤਾਂ ਵਧਾ ਰਹੀ ਹੈ, ਉਸ ਹਿਸਾਬ ਨਾਲ ਨਰਮੇ ਦਾ ਘੱਟੋ ਘੱਟ ਸਮਰਥਨ ਮੁੱਲ 10 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੈਅ ਕਰਨਾ ਚਾਹੀਦਾ ਹੈ।
ਪਿੰਡ ਮਾਈਸਰਖਾਨਾ ਦੇ ਕਿਸਾਨ ਦਾਰਾ ਸਿੰਘ ਤੇ ਜੱਜਲ ਦੇ ਕਿਸਾਨ ਕਰਮਜੀਤ ਸਿੰਘ ਨੇ ਕੇਂਦਰ ਸਰਕਾਰ ਤੋਂ ਬੀਜਾਂ ਵਿੱਚ ਕੀਤਾ ਇਹ ਵਾਧਾ ਫੌਰੀ ਤੌਰ ’ਤੇ ਵਾਪਿਸ ਲੈਣ ਅਤੇ ਸਮੁੱਚਾ ਬੀਟੀ ਬੀਜ ਗੁਲਾਬੀ ਸੁੰਡੀ ਤੋਂ ਰਹਿਤ ਅਤੇ ਰਿਆਇਤੀ ਦਰਾਂ ’ਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।