ਮਨੋਜ ਸ਼ਰਮਾ
ਬਠਿੰਡਾ, 24 ਜੂਨ
ਬਠਿੰਡਾ ਵਿਖੇ ਭਾਰਤ ਨਗਰ ਵਿਖੇ ਸਥਿਤ ਬੀਐੱਸਐੱਨਐੱਲ ਕੰਪਨੀ ਦੇ ਮੁੱਖ ਦਫ਼ਤਰ ਵਿਖੇ ਅੱਜ ਕੱਚੇ ਕਾਮਿਆਂ ਵੱਲੋਂ ਆਪਣੀਆਂ ਤਨਖ਼ਾਹਾਂ ਤੇ ਹੋਰ ਮੰਗਾਂ ਸਬੰਧੀ ਦਫ਼ਤਰ ਦਾ ਘਿਰਾਓ ਕਰ ਕੇ ਦੂਰਸੰਚਾਰ ਵਿਭਾਗ ਦੇ ਮੁੱਖ ਅਫ਼ਸਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਧਰਨੇ ਦੀ ਅਗਵਾਈ ਆਮ ਆਦਮੀ ਪਾਰਟੀ ਦੇ ਆਗੂ ਜਤਿੰਦਰ ਸਿੰਘ ਭੱਲਾ ਨੇ ਸੰਬੋਧਨ ਕਰਦਿਆਂ ਦੋਸ਼ ਲਗਾਏ ਕਿ ਵਿਭਾਗ ਅੰਦਰ ਕੰਮ ਕਰਦੇ ਕੱਚੇ ਕਾਮੇ 20-20 ਸਾਲ ਤੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਰੈਗੂਲਰ ਤਾਂ ਕੀ ਕਰਨਾ ਸੀ ਸਗੋਂ ਸਾਲ ਬੀਤ ਜਾਣ ਦੇ ਬਾਵਜੂਦ ਤਨਖ਼ਾਹਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਭੱਲਾ ਨੇ ਦੋਸ਼ ਲਗਾਏ ਕਿ ਕੇਂਦਰ ਸਰਕਾਰ ਦੂਰਸੰਚਾਰ ਕੰਪਨੀ ਦਾ ਭੋਗ ਪਾਉਣ ’ਤੇ ਲੱਗੀ ਹੋਈ ਹੈ ਰਹਿੰਦੀ ਕਸਰ ਬੀਐਸਐਨਐਲ ਵਿਚ ਕੰਮ ਕਰਦੇ ਅਫ਼ਸਰ ਮਹਿਕਮੇ ਦੀਆਂ ਜੜ੍ਹਾਂ ਨੂੰ ਤੇਲ ਦੇਣ ’ਚ ਲੱਗੇ ਹੋਏ ਹਨ ਜਿਸ ਕਾਰਨ ਨਿੱਜੀ ਕੰਪਨੀਆਂ ਨੂੰ ਫ਼ਾਇਦਾ ਪਹੁੰਚ ਰਿਹਾ ਹੈ। ਉਨ੍ਹਾਂ ਦੋਸ਼ ਲਗਾਏ ਕਿ ਪਿੰਡਾਂ ਦੇ ਟਾਵਰ ਅਤੇ ਐਕਸੇਜਾਂ ਚਿੱਟਾ ਹਾਥੀ ਬਣੇ ਹੋਏ ਹਨ ਅਤੇ ਅੱਧੀ ਦਰਜਨ ਪਿੰਡਾਂ ਵਿਚ ਬੈਟਰੀਆਂ ਚੋਰੀ ਹੋਣੀਆਂ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿਚ ਹਨ। ਇਸ ਮੌਕੇ ਕੱਚੇ ਕਾਮਿਆਂ ਨੇ ਮੰਗ ਕੀਤੀ ਕਿ ਤਨਖ਼ਾਹਾਂ ਜਾਰੀ ਕੀਤੀਆਂ ਜਾਣ ਅਤੇ ਪਿੰਡਾਂ ਵਿਚ ਟਾਵਰਾਂ ਦੀ ਰੇਂਜ ਵਧਾਈ ਜਾਵੇ , 20 ਸਾਲ ਤੋਂ ਕੰਮ ਕਰਦੇ ਕਾਮਿਆਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ। ਇਸ ਮੌਕੇ ਗੁਰਵਿੰਦਰ ਸਿੰਘ ਸੇਲਬਰਾਹ, ਜਸਵੀਰ ਸ਼ਰਮਾ, ਰਾਜਿੰਦਰ ਸਿੰਘ ਸੋਢੀ ਆਦਿ ਨੇ ਸੰਬੋਧਨ ਕੀਤਾ।