ਸ਼ਗਨ ਕਟਾਰੀਆ
ਬਠਿੰਡਾ, 31 ਜਨਵਰੀ
ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਗਰ ਨਿਗਮ ਬਠਿੰਡਾ ਦੀ ਚੋਣ ਲੜ ਰਹੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਅੱਜ ਸ਼ਹਿਰ ਅੰਦਰ ਕਈ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦੇਸ਼ ਦੇ ਲੋਕਾਂ ’ਚ ਵੰਡ ਪਾਉਣ ਦੀ ਸਿਆਸਤ ਕਰਦੀ ਆਈ ਹੈ ਤੇ ਇਸ ਦਾ ਨੁਕਸਾਨ ਦੇਸ਼ ਨੂੰ ਝੱਲਣਾ ਪੈ ਰਿਹਾ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਰਾਜਸੀ ਨੇਤਾਵਾਂ ਨੂੰ ਫ਼ਿਕਰ ਅਤੇ ਫ਼ਰਜ਼ ਦੀ ਰਾਜਨੀਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ ਪਾਰਟੀ ਲੋਕਾਂ ਨੂੰ ਜੋੜਨ ਦੀ ਸਿਆਸਤ ਕਰਦੀ ਹੈ। ਉਨ੍ਹਾਂ ਦੇਸ਼ ਦੇ ਅਰਥਚਾਰੇ ਦੀ ਗੱਲ ਕਰਦਿਆਂ ਕਿਹਾ ਕਿ ਭਾਜਪਾ ਨੇ ਦੇਸ਼ ਦੀ ਵਿੱਤੀ ਹਾਲਤ ਨੂੰ ਡੂੰਘੀ ਸੱਟ ਮਾਰੀ ਹੈ। ਕੋਵਿਡ ਮਹਾਮਾਰੀ ਦੌਰਾਨ ਸੇਵਾ ਅਤੇ ਨਿਰਮਾਣ ਖੇਤਰ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਹ ਸਿਰਫ਼ ਖੇਤੀਬਾੜੀ ਖੇਤਰ ਹੀ ਸੀ, ਜੋ ਦੇਸ਼ ਦੀ ਆਰਥਿਕਤਾ ਨੂੰ ਬਚਾਉਣ ਲਈ ਲਾਹੇਵੰਦ ਸਾਬਿਤ ਹੋਇਆ।
ਉਨ੍ਹਾਂ ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਕੇਂਦਰੀ ਬਜਟ ਦੀ ਪੇਸ਼ੀਨਗੋਈ ਕਰਦਿਆਂ ਕਿਹਾ ਕਿ ਇਸ ਦੇ ਬਾਵਜੂਦ ਆਉਣ ਵਾਲਾ ਕੇਂਦਰੀ ਬਜਟ ਖੇਤੀਬਾੜੀ ਖੇਤਰ ਲਈ ਝੂਠੇ ਵਾਅਦਿਆਂ ਦੀ ਪੋਟਲੀ ਹੀ ਸਾਬਿਤ ਹੋਵੇਗਾ। ਵਿੱਤ ਮੰਤਰੀ ਨੇ ਅੱਜ ਬਠਿੰਡਾ ਵਿੱਚ ਵੱਖ-ਵੱਖ ਵਾਰਡਾਂ ਵਿਚ ਚੋਣ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਚੋਣ ਦਫ਼ਤਰਾਂ ਦੇ ਉਦਘਾਟਨ ਕੀਤੇ।
ਇਸ ਮੌਕੇ ਉਨਾਂ ਦਾਅਵਾ ਕੀਤਾ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਅਰੁਣ ਵਧਾਵਨ, ਰਾਜਾ ਨੰਬਰਦਾਰ, ਰਾਜਨ ਗਰਗ, ਸੁਰਿੰਦਰ ਗੁਪਤਾ, ਜਗਤਾਰ ਸਿੰਘ ਬਾਬਾ, ਟਹਿਲ ਸਿੰਘ ਬੁੱਟਰ, ਕੰਵਲਜੀਤ ਸਿੰਘ, ਪਿਰਥੀਪਾਲ ਜਲਾਲ, ਕਮਲ ਗੁਪਤਾ, ਅਵਤਾਰ ਗੋਨਿਆਣਾ, ਰਾਜੂ ਭੱਠੇਵਾਲਾ, ਗੁਰਪ੍ਰੀਤ ਬੰਟੀ, ਯਸ਼ੋਦਾ ਰਾਣੀ, ਭੁਪਿੰਦਰ ਸ਼ਰਮਾ ਆਦਿ ਹਾਜ਼ਰ ਸਨ।