ਮਨੋਜ ਸ਼ਰਮਾ
ਬਠਿੰਡਾ, 11 ਸਤੰਬਰ
ਸਿਵਲ ਹਸਪਤਾਲ ਸ਼ਹੀਦ ਮਨੀ ਸਿੰਘ ਵਿੱਚ ਦੋ ਸਾਲਾਂ ਤੋਂ ਬੰਦ ਪਿਆ ਫਿਜ਼ੀਓਥੈਰੇਪੀ ਯੂਨਿਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਮਰੀਜ਼ ਪ੍ਰਾਈਵੇਟ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਸਨ।
ਜਾਣਕਾਰੀ ਅਨੁਸਾਰ ਯੂਨਿਟ ਵਿੱਚ ਸੇਵਾ ਕਰ ਰਹੇ ਫਿਜ਼ੀਓਥੈਰੇਪਿਸਟ ਦੀ ਬਦਲੀ ਹੋਣ ਤੋਂ ਬਾਅਦ, ਇਹ ਯੂਨਿਟ ਦੋ ਸਾਲਾਂ ਪਹਿਲਾਂ ਇਹ ਬੰਦ ਹੋ ਗਿਆ ਸੀ। ਇੱਥੇ ਇਲਾਜ ਕਰਵਾਉਣ ਲਈ ਮਾਲਵਾ ਖੇਤਰ ਤੋਂ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਸੈਂਕੜੇ ਮਰੀਜ਼ ਬਠਿੰਡਾ ਦੇ ਸਿਵਲ ਹਸਪਤਾਲ ਦੇ ਫਿਜ਼ੀਓਥੈਰੇਪੀ ਯੂਨਿਟ ’ਚ ਆਉਂਦੇ ਸਨ।
ਜ਼ਿਕਰਯੋਗ ਹੈ ਕਿ ਮਾਲਵਾ ਖੇਤਰ ਵਿਚਲਾ ਇਹ ਸਰਕਾਰੀ ਫਿਜ਼ੀਓਥੈਰੇਪੀ ਯੂਨਿਟ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਹੈ। ਇਹ ਯੂਨਿਟ ਸੂਬੇ ਦੀਆਂ ਵੱਡੀਆਂ ਯੂਨਿਟਾਂ ਵਿੱਚੋਂ ਇੱਕ ਹੈ। ਇਸ ਵਿੱਚ 34 ਮਸ਼ੀਨਾਂ, ਚਾਰ ਕਮਰਿਆਂ ਵਾਲੀ ਓਪੀਡੀ, ਹੋਰ ਸਾਜ਼ੋ-ਸਾਮਾਨ ਸਣੇ ਇੱਕ ਜਨਰਲ ਵਾਰਡ ਵੀ ਹੈ।
ਸਿਵਲ ਸਰਜਨ ਡਾ. ਤੇਜਵੰਤ ਸਿੰਘ ਨੇ ਕਿਹਾ ਕਿ ਹਸਪਤਾਲ ਵਿੱਚ ਅਸਾਮੀ ਨਾ ਹੋਣ ਕਾਰਨ ਫਿਜ਼ੀਓਥੈਰੇਪੀ ਯੂਨਿਟ ਦੋ ਸਾਲ ਤੋਂ ਬੰਦ ਪਿਆ ਸੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਨੂੰ ਦੇਖਦਿਆਂ ਇਸ ਯੂਨਿਟ ਨੂੰ ਮੁੜ ਚਾਲੂ ਕਰ ਦਿੱਤਾ ਗਿਆ ਹੈ। ਇਸ ਯੂਨਿਟ ਵਿੱਚ ਫਿਜ਼ੀਓਥੈਰੇਪਿਸਟ ਦੇ ਨਾਲ ਸਹਾਇਕ ਮੁਲਾਜ਼ਮ ਵੀ ਨਿਯੁਕਤ ਕੀਤਾ ਗਿਆ ਹੈ। ਇਸ ਬਾਰੇ ਸਾਬਕਾ ਡਿਪਟੀ ਮੈਡੀਕਲ ਕਮਿਸ਼ਨਰ ਤੇ ਜਮਹੂਰੀ ਅਧਿਕਾਰ ਸਭਾ ਦੇ ਕਾਰਕੁਨ ਡਾ. ਅਜੀਤਪਾਲ ਸਿੰਘ ਨੇ ਸਿਹਤ ਮਹਿਕਮੇ ਦੇ ਇਸ ਫ਼ੈਸਲੇ ਨਾਲ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ।