ਮਨੋਜ ਸ਼ਰਮਾ
ਬਠਿੰਡਾ, 5 ਜੂਨ
ਪੰਜਾਬ ਦੇ ਵਿੱਤ ਮੰਤਰੀ ਅਤੇ ਬਠਿੰਡਾ ਦੇ ਵਿਧਾਇਕ ਮਨਪ੍ਰੀਤ ਸਿੰਘ ਬਾਦਲ ਨੇ ਬਰਸਾਤਾਂ ਤੋਂ ਪਹਿਲਾਂ ਸ਼ਹਿਰ ਦੀ ਜਲ ਨਿਕਾਸੀ ਪ੍ਰਬੰਧਾਂ ਨੂੰ ਦਰੁਸਤ ਕਰਨ ਲਈ ਖੁਦ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਸ਼ਹਿਰ ਦੇ ਪਾਣੀ ਦੀ ਨਿਕਾਸੀ ਨਾਲ ਸਬੰਧਤ ਪ੍ਰਾਜੈਕਟਾਂ ਦਾ ਦੌਰਾ ਕਰਕੇ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਜੂਨ ਦੇ ਅਖੀਰ ਤੱਕ ਇਹ ਯਕੀਨੀ ਬਣਾਇਆ ਜਾਵੇ ਕਿ ਬਰਸਾਤਾਂ ਦੇ ਪਾਣੀ ਦੇ ਪ੍ਰਬੰਧ ਲਈ ਸਾਰੇ ਢੁੱਕਵੇਂ ਪ੍ਰਬੰਧ ਮੁਕੰਮਲ ਕਰ ਲਏ ਜਾਣ।
ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਮਾਨਸਾ ਰੋਡ ਵਾਟਰ ਟ੍ਰੀਟਮੈਂਟ ਪਲਾਂਟ ਨੇੜੇ ਬਣੇ ਟੋਭੇ, ਮੇਨ ਡਿਸਪੋਜ਼ਲ ਗੁਰੂ ਕੀ ਨਗਰੀ, ਮਾਡਲ ਟਾਊਨ ਬਠਿੰਡਾ ਵਿੱਚ ਬਣ ਰਹੇ ਨਵੇਂ ਵਾਟਰ ਵਰਕਸ, ਪਾਵਰ ਹਾਉਸ ਰੋਡ ’ਤੇ ਬੱਸ ਸਟੈਂਡੇ ਨੇੜੇ ਸਥਿਤ ਡਿਸਪੋਜ਼ਲ ਪੁਆਇੰਟ, ਡੀਏਵੀ ਕਾਲਜ ਨੇੜੇ ਬਣੇ ਟੋਭੇ, ਮੁਲਤਾਨੀਆਂ ਪੁਲ ਕੋਲ ਸਿਕਰੀ ਬਾਜ਼ਾਰ ਵਿੱਚ ਬਣੇ ਡਿਸਪੋਜ਼ਲ ਪੁਆਇੰਟ, ਟਰਾਂਸਪੋਰਟ ਨਗਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਖੇਤਾ ਸਿੰਘ ਬਸਤੀ ਵਿੱਚ ਬਣੇ ਨਵੇਂ ਡਿਸਪੋਜ਼ਲ ਪੁਆਇੰਟ ਦਾ ਦੌਰਾ ਕੀਤਾ। ਇਸ ਤੋਂ ਬਿਨਾਂ ਉਨ੍ਹਾਂ ਨੇ ਆਲਮ ਬਸਤੀ ਡਿਸਪੋਜ਼ਲ ਪੁਆਇੰਟ ਦੇ ਵਾਧੇ ਅਤੇ ਅਪਗ੍ਰੇਡ ਕਰਨ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਜਿਸ ਨਾਲ ਪਾਰਸ ਰਾਮ ਨਗਰ ਵਿੱਚੋਂ ਜਲ ਨਿਕਾਸੀ ਹੋ ਸਕੇਗੀ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਪਾਣੀ ਦੀ ਨਿਕਾਸੀ ਵਿੱਚ ਕੋਈ ਵੀ ਅੜਿੱਕਾ ਨਾ ਰਹਿਣ ਦਿੱਤਾ ਜਾਵੇ ਅਤੇ ਡਿਸਪੋਜ਼ਲਾਂ ਦੀ ਸਫਾਈ ਆਦਿ ਦੇ ਸਾਰੇ ਕੰਮ ਬਰਸਾਤਾਂ ਤੋਂ ਪਹਿਲਾਂ ਪੂਰੇ ਕਰ ਲਏ ਜਾਣ। ਇਸੇ ਦੌਰਾਨ ਵਿੱਤ ਮੰਤਰੀ ਨੇ ਬਠਿੰਡਾ ਦੇ ਨਵੀਂ ਬਸਤੀ ਵਿਖੇ ਸੜਕ ਦੀ ਚੌੜਾਈ ਕਰਨ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਅਰੁਣ ਵਧਾਵਨ, ਮੇਅਰ ਰਮਨ ਗੋਇਲ, ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਚੇਅਰਮੈਨ ਕੇ ਕੇ ਅਗਰਵਾਲ, ਡਿਪਟੀ ਮੇਅਰ ਹਰਮੰਦਰ ਸਿੰਘ, ਪਵਨ ਮਾਨੀ, ਬਲਜਿੰਦਰ ਠੇਕੇਦਾਰ, ਰਾਜਨ ਗਰਗ, ਸੰਦੀਪ ਗੋਇਲ, ਸਾਧੂ ਸਿੰਘ, ਵਿਪਨ ਮੀਤੂ, ਗੋਰਾ ਸਿੱਧੂ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ੍ਰੀ ਗੁਰੂ ਤੇਗ ਬਹਾਦਰ ਬੱਸ ਅੱਡਾ ਧਰਮਕੋਟ ਨੀਂਹ ਪੱਥਰ ਤੋਂ ਪਰਦਾ ਹਟਾਇਆ ਅਤੇ ਹੋਰ ਵੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਉਨ੍ਹਾਂ ਨੀਂਹ ਪੱਥਰ ਬਾਰੇ ਕਿਹਾ ਕਿ ਬੱਸ ਅੱਡਾ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਕਰ ਦੇ ਪੈਸੇ ਨਾਲ ਬਣਨਾ ਹੈ। ਇਹ ਨਵਾਂ ਬੱਸ ਸਟੈਂਡ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ। ਬੱਸ ਅੱਡਾ ਅਤੇ ਕਮਿਊਨਟੀ ਹਾਲ 3.70 ਕਰੋੜ ਅਤੇ 2.45 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਸਟੇਡੀਅਮ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਦੋਵੇਂ ਪ੍ਰਾਜੈਕਟ ਹਰ ਹਾਲ ਦੀਵਾਲੀ ਤੱਕ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਨੂੰ ਸਮਰਪਿਤ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਉਨ੍ਹਾਂ ਵਿਕਾਸ ਕਾਰਜਾਂ ਇਕ ਕਰੋੜ ਰੁਪਏ ਦੀ ਹੋਰ ਗਰਾਂਟ ਵੀ ਜਾਰੀ ਗਈ ਹੈ। ਸ਼ਹਿਰ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਆਦਿ ਇਤਿਹਾਸਕ ਨਾਇਕਾਂ ਦੇ ਆਦਮ ਕੱਦ ਬੁੱਤ ਸਥਾਪਤ ਕੀਤੇ ਗਏ ਹਨ। ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਨਗਰ ਕੌਂਸਲਰ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਸੁਧੀਰ ਗੋਇਲ ਅਤੇ ਡਾ. ਰਣਜੋਧ ਸਿੰਘ ਤੇ ਹੋਰ ਕਾਂਗਰਸ ਆਗੂ ਮੌਜੂੁਦ ਸਨ।
‘ਕੋਵਿਡ ਕੇਅਰ ਸੈਂਟਰ’ ਲੋਕ ਅਰਪਣ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਮੈਰੀਟੋਰੀਅਸ ਸਕੂਲ ਵਿੱਚ ਵੈਂਟੀਲੇਟਰਾਂ, ਐਨ.ਆਈ.ਵੀ, ਆਕਸੀਜਨ ਕੰਨਸਟਰੇਟਰਾਂ ਨਾਲ ਲੈਸ 7 ਬਿਸਤਰਿਆਂ ਦਾ ਲੈਵਲ-3 ਦਾ ‘ਕੋਵਿਡ ਕੇਅਰ ਸੈਂਟਰ’ ਲੋਕ ਅਰਪਣ ਕੀਤਾ ਗਿਆ। ਇਹ ਸੈਂਟਰ ਮਰੀਜ਼ਾਂ ਨੂੰ ਮੁਫ਼ਤ ਇਲਾਜ ਸੁਵਿਧਾਵਾਂ ਦੇਵੇਗਾ।
ਮਹਿਲਾ ਅਕਾਲੀ ਆਗੂ ਕਾਂਗਰਸ ’ਚ ਸ਼ਾਮਿਲ
ਸ਼੍ਰੋਮਣੀ ਅਕਾਲੀ ਦਲ (ਬਠਿੰਡਾ) ਦੇ ਇਸਤਰੀ ਵਿੰਗ ਦੀ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਕੌਰ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਵਿੱਤ ਮੰਤਰੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਾਂਗਰਸ ਪਾਰਟੀ ’ਚ ਪੂਰਨ ਮਾਣ-ਸਨਮਾਨ ਦੇਣ ਦਾ ਵਿਸ਼ਵਾਸ ਦਿੱਤਾ।