ਸ਼ਗਨ ਕਟਾਰੀਆ
ਜੈਤੋ, 27 ਅਪਰੈਲ
ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਕਥਿਤ ਫ਼ਿਰਕੂ ਰਾਜਨੀਤੀ ਕਰਕੇ ਦੇਸ਼ ’ਤੇ ਭਗਵਾਂ ਰੰਗ ਚਾੜ੍ਹੇ ਜਾਣ ਵਾਲੀਆਂ ਤਾਕਤਾਂ ਖ਼ਿਲਾਫ਼ ਅੱਜ ਇੱਥੇ ਯੂਨੀਵਰਸਿਟੀ ਕਾਲਜ ਵਿਚ ਰੋਸ ਰੈਲੀ ਕੀਤੀ। ਵਿਦਿਆਰਥੀ ਆਗੂਆਂ ਨੇ ਜਮਹੂਰੀਅਤ ਪਸੰਦ ਸੰਗਠਨਾਂ ਅਤੇ ਵਿਅਕਤੀਆਂ ਨੂੰ ਇਸ ਹੱਲੇ ਵਿਰੁੱਧ ਇੱਕਜੁੱਟ ਹੋ ਕੇ ਆਵਾਜ਼ ਉਠਾਉਣ ਦੀ ਪੁਰਜ਼ੋਰ ਅਪੀਲ ਕੀਤੀ। ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਗਗਨਦੀਪ ਦਬੜ੍ਹੀਖਾਨਾ ਅਤੇ ਰਵਿੰਦਰ ਸੇਵੇਵਾਲਾ ਨੇ ਦੋਸ਼ ਲਾਇਆ ਕਿ ਆਰਐੱਸਐੱਸ ਅਤੇ ਭਾਜਪਾ ਵੱਲੋਂ ਨਫ਼ਰਤ ਦੀ ਸਿਆਸਤ ਕਰਦਿਆਂ ਮੁਲਕ ਨੂੰ ਫ਼ਿਰਕੂ ਅੱਗ ਵਿੱਚ ਸੁੱਟਿਆ ਜਾ ਰਿਹਾ ਹੈ। ਘੱਟ ਗਿਣਤੀਆਂ ’ਤੇ ਯੋਜਨਾਬੱਧ ਹਮਲੇ ਕਰਵਾਏ ਜਾ ਰਹੇ ਹਨ। ਵਿਦਿਆਰਥੀ ਨੂੰ ਅਜਿਹੀਆਂ ਕਾਰਵਾਈ ਵਿਰੁੱਧ ਬੁਲੰਦ ਆਵਾਜ਼ ਬਣਨ ਲਈ ਪ੍ਰੇਰਦਿਆਂ ਆਗੂਆਂ ਨੇ ਇਨਸਾਨੀਅਤ ਵਿੱਚ ਵਿਸ਼ਵਾਸ ਰੱਖਣ ਵਾਲੇ ਸੰਗਠਨਾਂ ਤੇ ਸ਼ਖ਼ਸੀਅਤਾਂ ਨੂੰ ਲਾਮਬੰਦ ਹੋ ਕੇ ਇਸ ਵਰਤਾਰੇ ਦਾ ਵਿਰੋਧ ਕਰਨ ਦੀ ਅਪੀਲ ਵੀ ਕੀਤੀ।
ਪਾਤੜਾਂ(ਗੁਰਨਾਮ ਸਿੰਘ ਚੌਹਾਨ): ਪੰਜਾਬ ਸਟੂਡੈਂਟਸ ਯੂਨੀਅਨ ਨੇ ਸਰਕਾਰੀ ਕਿਰਤੀ ਕਾਲਜ ਨਿਆਲ ਅੱਗੇ ਦੇਸ਼ ਭਰ ਵਿਚ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਅੱਤਿਆਚਾਰ ਤੇ ਕੇਂਦਰੀਕਰਨ ਦੀ ਨੀਤੀ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਮੀਤ ਨਾਈਵਾਲਾ ਤੇ ਕਾਲਜ ਕਨਵੀਨਰ ਦੀਪਕ ਰੰਗਾ ਤੇ ਦਵਿੰਦਰ ਛਬੀਲਪੁਰ ਨੇ ਕਿਹਾ ਕਿ ਚਾਰ ਸੂਬਿਆਂ ਵਿਚ ਚੋਣਾਂ ਜਿੱਤਣ ਤੋਂ ਬਾਅਦ ਮੋਦੀ ਹਕੂਮਤ ਵਲੋਂ ਫਿਰਕੂ ਧਰੁਵੀਕਰਨ ਨੂੰ ਤੇਜ਼ ਕਰਕੇ ਕਈ ਰਾਜਾਂ ਵਿੱਚ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਫ਼ਿਰਕੂ ਜ਼ਹਿਰ ਉਗਲਿਆ ਜਾ ਰਿਹਾ ਹੈ। ਇਸ ਮੌਕੇ ਰੇਨੂੰ, ਮਨਪ੍ਰੀਤ, ਰੇਖਾ, ਗੁਰਪ੍ਰੀਤ, ਪ੍ਰਵੀਨ, ਸ਼ਹਿਨਾਜ਼, ਰਮਨ, ਅਮਨ, ਪਰਦੀਪ, ਮਨਜੀਤ, ਅੰਮ੍ਰਿਤ, ਅਭਿਸ਼ੇਕ, ਹਨੀ, ਜੌਨੀ, ਰਾਹੁਲ, ਗੁਰਧਿਆਨ, ਰੋਹਿਤ, ਗੌਰਵ, ਗੁਰਮੁੱਖ, ਸੋਨੂੰ ਤੇ ਦੀਪਕ ਹਾਜ਼ਰ ਸਨ।