ਸ਼ਗਨ ਕਟਾਰੀਆ
ਬਠਿੰਡਾ, 26 ਅਕਤੂਬਰ
ਸੋਮਵਾਰ ਤੋਂ ਅਣਮਿਥੇ ਸਮੇਂ ਲਈ ਇੱਥੋਂ ਦਾ ਮਿੰਨੀ ਸਕੱਤਰੇਤ ਘੇਰੀ ਬੈਠੇ ਕਿਸਾਨਾਂ ਨੇ ਅੱਜ ਚੂੜੀ ਹੋਰ ਕੱਸ ਦਿੱਤੀ ਹੈ। ਸਕੱਤਰੇਤ ’ਚ ਆਉਣ-ਜਾਣ ਮੁਕੰਮਲ ਤੌਰ ’ਤੇ ਰੋਕ ਦਿੱਤਾ ਗਿਆ ਹੈ। ਚਹੁੰ ਗੇਟਾਂ ’ਤੇ ਧਰਨੇ ਪਹਿਲਾਂ ਹੀ ਸਨ ਹੁਣ ਚਾਰਦੀਵਾਰੀ ਟੱਪਣ ਵਾਲਿਆਂ ਨੂੰ ਠੱਲ੍ਹਣ ਲਈ ਵਾਲੰਟੀਅਰ ਖੜ੍ਹਾ ਦਿੱਤੇ ਹਨ। ਹਕੂਮਤ ਨੂੰ ਦੋ-ਟੁਕ ਸੁਣਾਈ ਗਈ ਹੈ ਕਿ ‘ਡਾਂਗਾਂ ਮਾਰ ਕੇ ਭਜਾ ਦਿਓ ਜਾਂ ਫਿਰ ਮੰਗਾਂ ਮੰਨੋ’।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਗੁਲਾਬੀ ਸੁੰਡੀ, ਮੀਂਹ ਅਤੇ ਗੜਿਆਂ ਦੀ ਮਾਰ ਹੇਠ ਆਈਆਂ ਫ਼ਸਲਾਂ ਲਈ ਇਵਜ਼ਾਨੇ ਦੀ ਮੰਗ ਲੈ ਕੇ ਇਹ ਘਿਰਾਓ ਕੀਤਾ ਗਿਆ ਹੈ। ਘਿਰਾਓ ’ਚ ਮਾਲਵਾ ਪੱਟੀ ਨਾਲ ਸਬੰਧਿਤ ਕਪਾਹ ਪੱਟੀ ਵਾਲੇ ਅੱਠ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਿਲ ਹਨ। ਜਥੇਬੰਦੀ ਦੀ ਮੰਗ ਹੈ ਕਿ ਨੁਕਸਾਨੀਆਂ ਫ਼ਸਲਾਂ ਲਈ 60 ਹਜ਼ਾਰ ਪ੍ਰਤੀ ਏਕੜ ਅਤੇ ਫ਼ਸਲ ਦੇ ਉਜਾੜੇ ਕਾਰਣ ਪ੍ਰਭਾਵਿਤ ਹੋਏ ਖੇਤ ਮਜ਼ਦੂਰਾਂ ਨੂੰ ਪ੍ਰਤੀ ਪਰਿਵਾਰ 30 ਹਜ਼ਾਰ ਰੁਪਏ ਮੁਆਵਜ਼ਾ ਦਿੱਤਾ ਜਾਵੇ। ਇਸ ਤੋਂ ਇਲਾਵਾ ਘਟੀਆ ਬੀਜ, ਕੀਟਨਾਸ਼ਕ ਅਤੇ ਖਾਦਾਂ ਵੇਚਣ ਵਾਲੇ ਡੀਲਰਾਂ ਸਮੇਤ ਖੇਤੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਢੁੱਕਵੀਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਮੰਗ ਵੀ ਹੈ ਕਿ ਫ਼ਸਲੀ ਨੁਕਸਾਨ ਦੇ ਸਦਮੇ ਕਾਰਣ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਸਹਾਇਤਾ ਰਾਸ਼ੀ, ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ਼ ਹੋਵੇ। ਤਾਜ਼ਾ ਸਖ਼ਤੀ ਦਾ ਫ਼ੈਸਲਾ ਕਿਸਾਨ ਜਥੇਬੰਦੀ ਦੀ ਸੂਬਾ ਕਮੇਟੀ ਅੱਜ ਹੋਈ ਮੀਟਿੰਗ ’ਚ ਹੋਇਆ। ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਸਕੱਤਰੇਤ ਵਿਚਲੇ ਦਫ਼ਤਰਾਂ ’ਚ ਘਿਰੇ ਸਰਕਾਰੀ ਅਮਲੇ ਨੂੰ ਲੰਘੀ ਸ਼ਾਮ ਇਸ ਸ਼ਰਤ ’ਤੇ ਬਾਹਰ ਨਿਕਲਣ ਦਿੱਤਾ ਸੀ ਕਿ ਮੰਗਲਵਾਰ ਨੂੰ ਉਹ ਦਫ਼ਤਰਾਂ ’ਚ ਨਹੀਂ ਆਉਣਗੇ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਹੈ ਕਿ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰ ਕੇ ਅੱਜ ਸਕੱਤਰੇਤ ’ਚ ਪਹੁੰਚੇ ਕਰਮਚਾਰੀਆਂ ’ਚੋਂ ਭਾਵੇਂ ਕੋਈ ਬਿਮਾਰ ਵੀ ਹੋ ਜਾਵੇ ਤਾਂ ਵੀ ਉਸ ਨੂੰਬਾਹਰ ਨਹੀਂ ਨਿਕਲਣ ਦੇਵਾਂਗੇ। ਉਨ੍ਹਾਂ ਕਿਹਾ ਕਿ ਬਿਮਾਰੀ ਦੀ ਹਾਲਤ ’ਚ ਡਾਕਟਰਾਂ ਨੂੰ ਤਾਂ ਅੰਦਰ ਬੁਲਾਇਆ ਜਾ ਸਕਦਾ ਹੈ ਪਰ ਬਹੁਤ ਹੀ ਗੰਭੀਰ ਸਥਿਤੀ ’ਚ ਡਾਕਟਰ ਦੇ ਸਿਫ਼ਾਰਸ਼ੀ ਸਰਟੀਫਿਕੇਟ ਨਾਲ ਹੀ ਬਾਹਰ ਜਾਣ ਦੀ ਆਗਿਆ ਹੋਵੇਗੀ। ਉਨ੍ਹਾਂ ਕਿਹਾ ਕਿ ਧਰਨੇ ਵਾਲੀਆਂ ਸੜਕਾਂ ਤੋਂ ਲੰਘਦੇ ਵਾਹਨਾਂ ਨੂੰ ਵੀ ਰੋਕ ਦਿੱਤਾ ਗਿਆ ਹੈ।