ਮਨੋਜ ਸ਼ਰਮਾ
ਬਠਿੰਡਾ, 27 ਅਗਸਤ
ਪਿਛਲੇ ਦਿਨੀਂ ਮੀਂਹ ਵਿੱਚ ਡੁੱਬਿਆ ਬਠਿੰਡਾ ਸੱਤਾਧਾਰੀ ਧਿਰ ਕਾਂਗਰਸ ਲਈ ਅੱਜ ਹਾਊਸ ਮੀਟਿੰਗ ਦੌਰਾਨ ਵੱਡੀ ਸਿਰਦਰਦੀ ਬਣਿਆ ਰਿਹਾ। ਇਸ ਮੀਟਿੰਗ ਦੌਰਾਨ ਇਕ ਕਾਂਗਰਸੀ ਕੌਂਸਲਰ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਜਦਕਿ ਕਾਂਗਰਸ ’ਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਗਰੂਪ ਸਿੰਘ ਗਿੱਲ ਮੇਅਰ ’ਤੇ ਖੂਬ ਵਰ੍ਹੇ। ਇਸ ਦੌਰਾਨ ਤਿੱਖੀ ਨੋਕ-ਝੋਕ ਵੀ ਹੋਈ, ਜਿਸ ਦੌਰਾਨ 15 ਵਿੱਚੋਂ 8 ਮਤੇ ਪਾਸ ਕਰ ਦਿੱਤੇ ਗਏ। ਮੀਟਿੰਗ ’ਚ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਨਿਗਮ ਦੀ ਮੇਅਰ ਰਮਨ ਗੋਇਲ ਹਾਜ਼ਰ ਸਨ। ਪਰ ਹੈਰਾਨੀ ਦੀ ਗੱਲ ਸੀ ਕਿ ਮੇਅਰ ਰਮਨ ਗੋਇਲ ਨੇ ਵਿਰੋਧੀ ਕੌਂਸਲਰਾਂ ਦੇ ਸਵਾਲਾਂ ਦੇ ਐਤਕੀ ਵੀ ਜਵਾਬ ਨਹੀਂ ਦਿੱਤੇ ਜਦਕਿ ਮੇਅਰ ਨੂੰ ਘਿਰਿਆਂ ਦੇਖ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਤੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਸਵਾਲਾਂ ਦੇ ਜਵਾਬ ਦਿੰਦੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਆਪਣੇ ਵਾਰਡਾਂ ਵਿਚ ਪੱਖਪਾਤ ਹੋਣ ਦਾ ਦੋਸ਼ ਲਾਉਂਦੇ ਰਹੇ। ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਤ੍ਰਿਵੈਣੀ ਤੋਂ ਕੰਮ ਵਾਪਸ ਲਏ ਜਾਣ। ਤ੍ਰਿਵੈਣੀ ਕਾਰਨ ਇਸ ਵਾਰ ਵੀ ਜਦ ਮੀਂਹ ਪਏ ਤਾਂ ਕਈ-ਕਈ ਫੁੱਟ ਪਾਣੀ ਸੜਕਾਂ ’ਤੇ ਖੜ੍ਹ ਗਿਆ ਅਤੇ ਇਸ ਦੇ ਨਾਲ ਲੋਕਾਂ ਦਾ ਕਰੋੜਾਂ ਰੁਪਏ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਤ੍ਰਿਵੈਣੀ ਦੇ ਸਬੰਧ ’ਚ 2018 ’ਚ ਕੰਮ ਵਾਪਸ ਲੈਣ ਸਬੰਧੀ ਆਈ ਚਿੱਠੀ ਅਜੇ ਤਕ ਲਾਗੂ ਨਹੀਂ ਕੀਤੀ ਗਈ। ਕੌਂਸਲਰ ਗਿੱਲ ਵੱਲੋਂ ਉਠਾਏ ਮੁੱਦਿਆਂ ਦੌਰਾਨ ਨਗਰ ਨਿਗਮ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨਾਲ ਉਨ੍ਹਾਂ ਦੀ ਬਹਿਸ ਵੀ ਹੁੰਦੀ ਰਹੀ। ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿਲ ਨੇ ਕਿਹਾ ਕਿ ਪਾਣੀ ਦੀ ਨਿਕਾਸੀ ਸਬੰਧੀ ਇਸ ਵਾਰ ਕਾਫ਼ੀ ਕੀਤਾ ਗਿਆ ਸੀ, ਜਿਸ ਕਾਰਨ ਪਾਣੀ ਜਲਦ ਨਿਕਾਸੀ ਵੀ ਹੋਈ ਹੈ। ਕਾਂਗਰਸੀ ਕੌਂਸਲਰ ਬੇਅੰਤ ਸਿੰਘ ਰੰਧਾਵਾ ਨੇ ਮੀਟਿੰਗ ਦਾ ਬਾਈਕਾਟ ਕਰਕੇ ਆਪਣਿਆਂ ਦੀ ਫੂਕ ਕੱਢ ਦਿੱਤੀ। ਅਕਾਲੀ ਦਲ ਦੇ ਕੌਂਸਲਰ ਹਰਪਾਲ ਸਿੰਘ ਨੇ ਡੀਈਵੇ ਕਾਲਜ ਦੇ ਇਲਾਕਾ ਦਾ ਪਾਣੀ ਛੱਪੜ ਵਿੱਚ ਕੱਢਣ ਸਮੇਤ ਆਪਣੇ ਵਾਰਡ ਦੇ ਕਈ ਮੁੱਦੇ ਚੁੱਕੇ ਅਤੇ ਸ਼ਹਿਰ ਦੀ ਨਾਜਾਇਜ਼ ਕਲੋਨੀਆਂ ਦੀ ਉਸਾਰੀ ’ਤੇ ਸਤਾਧਾਰੀ ਧਿਰ ਨੂੰ ਘੇਰਿਆ ਅਤੇ ਵਿਜੀਲੈਂਸ ਜਾਂਚ ਦੀ ਮੰਗ ਕੀਤੀ। ਕੌਂਸਲਰ ਰੀਨਾ ਗੁਪਤਾ ਨੇ ਨਵੀਂ ਬਸਤੀ ’ਚ ਬਣ ਰਹੀ ਸੜਕ ’ਤੇ ਦਰੱਖਤ ਪੁੱਟੇ ਜਾਣ ਸਬੰਧੀ ਟ੍ਰੀ ਲਵਰਜ਼ ਵੱਲੋਂ ਇਹ ਮੁੱਦਾ ਉਠਾਏ ਜਾਣ ਦੀ ਗੱਲ ਵੀ ਕੀਤੀ ਗਈ। ਸੁਰੇਸ਼ ਚੌਹਾਨ ਨੇ ਕਿਹਾ ਕਿ ਪਿਛਲੀ ਮੀਟਿੰਗ ਵਿਚ ਵੀ ਉਨ੍ਹਾਂ ਵੱਲੋਂ ਆਪਣੇ ਵਾਰਡ ਦੀਆਂ ਸਮੱਸਿਆਵਾਂ ਰੱਖੀਆਂ ਗਈਆਂ ਸਨ ਅਤੇ ਜੇਕਰ ਇਸ ਵਾਰ ਵੀ ਇਹ ਸਮੱਸਿਆਵਾਂ ਦੁਆਰਾ ਦੱਸਣ ਤੋਂ ਬਾਅਦ ਹੱਲ ਨਾ ਹੋਈਆਂ ਤਾਂ ਅਗਲੀ ਮੀਟਿੰਗ ’ਚ ਉਹ ਧਰਨਾ ਦੇਣਗੇ।
ਨਗਰ ਪੰਚਾਇਤ ਭੀਖੀ ਅੱਗੇ ਰੋਸ ਮੁਜ਼ਾਹਰਾ
ਭੀਖੀ (ਕਰਨ ਭੀਖੀ): ਸਥਾਨਕ ਨਗਰ ਪੰਚਾਇਤ ਦਫ਼ਤਰ ਅੱਗੇ ਵੱਖ-ਵੱਖ ਵਾਰਡਾਂ ਦੇ ਵਿਅਕਤੀਆਂ ਤੇ ਜਥੇਬੰਦੀਆਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਵਾਰਡ ਨੰਬਰ ਪੰਜ ਦੀ ਕੌਂਸਲਰ ਪਰਮਜੀਤ ਕੌਰ ਨੇ ਨਗਰ ਪੰਚਾਇਤ ਪ੍ਰਧਾਨ ’ਤੇ ਐੱਫਡੀ ਤੁੜਵਾਉਣ ਦੇ ਦੋਸ਼ ਲਾਏ ਨਗਰ ਪੰਚਾਇਤ ਪ੍ਰਧਾਨ ਵਿਨੋਦ ਕੁਮਾਰ ਨੇ ਕਿਹਾ ਕਿ ਕਸਬੇ ਅੰਦਰ ਵਿਕਾਸ ਦੇ ਕਾਰਜ ਚੱਲ ਰਹੇ ਹਨ, ਕੁਝ ਨਗਰ ਪੰਚਾਇਤ ਦੀ ਦੇਣਦਾਰੀਆਂ ਹਨ ਅਤੇ ਨਵੇਂ ਕਾਰਜਾਂ ਲਈ ਫੰਡ ਦੀ ਅਤਿ ਜ਼ਰੂਰਤ ਸੀ ਜਿਸ ਕਰਕੇ ਐਫਡੀ ਤੁੜਵਾਉਣ ਦਾ ਫੈਸਲਾ ਸਮੂਹ ਕੌਂਸਲਰਾਂ ਦੀ ਸਲਾਹ ਨਾਲ ਲਿਆ ਗਿਆ ਹੈ।